ਚੰਡੀਗੜ੍ਹ, 21 ਜੂਨ 2024: ਪੰਜਾਬ (Punjab) ਪੁਲਿਸ ਨੇ ਅੱਜ ‘ਈਗਲ-IV’ ਨਾਮੀ ਸਰਚ ਆਪਰੇਸ਼ਨ ਤਹਿਤ ਸੂਬੇ ਦੇ 28 ਪੁਲਿਸ ਜ਼ਿਲ੍ਹਿਆਂ ਵਿੱਚ ਤਲਾਸ਼ੀ ਮੁਹਿੰਮ (ਕਾਸੋ) ਚਲਾਈ ਅਤੇ ਤਲਾਸ਼ੀ ਲਈ | ਇਹ ਕਾਰਵਾਈ ਸਵੇਰ 8 ਤੋਂ ਦੁਪਹਿਰ 2 ਵਜੇ ਤੱਕ ਇੱਕੋ ਸਮੇਂ ਚੱਲੀ | ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਵਾਲੀਆਂ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ | ਇਸ ਦੌਰਾਨ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਵੀ ਸ਼ਾਮਲ ਰਹੇ |
ਪੰਜਾਬ ਪੁਲਿਸ ਦਾ ਕਹਿਣਾ ਹੈ ਸੂਬੇ ‘ਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਪੱਖੀ ਰਣਨੀਤੀ ਇਨਫੋਰਸਮੈਂਟ, ਡੀਐਡੀਕਸ਼ਨ ਐਂਡ ਪ੍ਰੀਵੈਨਸ਼ਨ ਲਾਗੂ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਪੁਲਿਸ ਅਧਿਕਾਰੀਆਂ ਨੂੰ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕੀਤੇ ਜਾ ਰਹੇ ਸਾਰੇ ਮਾਮਲਿਆਂ ਦੇ ਅਗਲੇ-ਪਿਛਲੇ ਸੰਬੰਧਾਂ ਦੀ ਜਾਂਚ ਅਤੇ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਪਾਏ ਜਾਣ ‘ਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ |
ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਸਮੱਗਲਰਾਂ ਦੀਆਂ 200 ਕਰੋੜ ਰੁਪਏ ਦੀਆਂ 459 ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ ਅਤੇ 246 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀਆਂ 559 ਹੋਰ ਤਜਵੀਜ਼ਾਂ ਲੰਬਿਤ ਹਨ।
ਇਸ ਅਭਿਆਨ ‘ਚ 4000 ਤੋਂ ਵੱਧ ਪੁਲਿਸ ਮੁਲਾਜਮਾਂ ਦੀ 500 ਤੋਂ ਵੱਧ ਪੁਲਿਸ ਟੀਮਾਂ ਨੇ ਨਸ਼ਿਆਂ ਦੇ 392 ਹੌਟਸਪੌਟਸ ਦੀ ਘੇਰਾਬੰਦੀ ਕਰਕੇ ਆਲੇ-ਦੁਆਲੇ 352 ਮਜ਼ਬੂਤ ਨਾਕੇ ਵੀ ਲਾਏ ਸਨ।
ਇਸ ਦੌਰਾਨ ਪੁਲਿਸ ਨੇ 254 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ 221 FIR ਦਰਜ ਕੀਤੀਆਂ । ਪੁਲਿਸ ਟੀਮਾਂ ਨੇ 4575 ਸ਼ੱਕੀ ਜਣਿਆਂ ਦੀ ਚੈਕਿੰਗ ਕਰਕੇ ਦੇ ਉਨ੍ਹਾਂ ਦੇ ਵੇਰਵਿਆਂ ਦੀ ਜਾਂਚ ਵੀ ਕੀਤੀ ਗਈ ਹੈ । ਇਸ ਦੌਰਾਨ 2.6 ਕਿੱਲੋ ਹੈਰੋਇਨ, 83 ਕਿੱਲੋ ਭੁੱਕੀ, 2.6 ਕਿੱਲੋ ਗਾਂਜਾ, 550 ਗ੍ਰਾਮ ਅਫੀਮ, 7553 ਨਸ਼ੀਲੀਆਂ ਗੋਲੀਆਂ ਅਤੇ 15.71 ਲੱਖ ਰੁਪਏ ਡਰੱਗ ਮਨੀ ਸਮੇਤ ਨਜਾਇਜ਼ ਸ਼ਰਾਬ ਅਤੇ ਲਾਹਨ ਬਰਾਮਦ ਕੀਤੀ ਹੈ।