ਚੰਡੀਗੜ੍ਹ, 30 ਜਨਵਰੀ 2024: ਈਡੀ ਦੀ ਟੀਮ ਸੋਮਵਾਰ ਨੂੰ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ (CM Hemant Soren) ਦੇ ਦਿੱਲੀ ਸਥਿਤ ਘਰ ‘ਤੇ ਪਹੁੰਚੀ ਸੀ। ਇਸ ਦੌਰਾਨ ਝਾਰਖੰਡ ਦੇ ਸੀਐੱਮ ਹੇਮੰਤ ਸੋਰੇਨ ਮੌਕੇ ‘ਤੇ ਨਹੀਂ ਮਿਲੇ ਸਨ ਪਰ ਈਡੀ ਦੀ ਟੀਮ ਨੇ ਬੰਗਲੇ ‘ਚੋਂ ਵੱਡੀ ਮਾਤਰਾ ‘ਚ ਨਕਦੀ ਬਰਾਮਦ ਕੀਤੀ ਹੈ। ਈਡੀ ਅਧਿਕਾਰੀਆਂ ਨੇ ਦੱਸਿਆ ਕਿ ਹੇਮੰਤ ਸੋਰੇਨ ਦੇ ਬੰਗਲੇ ਤੋਂ 36 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ, ਇਸਦੇ ਨਾਲ ਹੀ ਦੋ ਲਗਜ਼ਰੀ ਕਾਰਾਂ ਵੀ ਜ਼ਬਤ ਕੀਤੀਆਂ ਗਈਆਂ ਹਨ।
ਈਡੀ ਨੇ ਦੱਖਣੀ ਦਿੱਲੀ ਸਥਿਤ ਹੇਮੰਤ ਸੋਰੇਨ (CM Hemant Soren) ਦੇ ਬੰਗਲੇ ‘ਤੇ ਛਾਪਾ ਮਾਰਿਆ ਅਤੇ ਈਡੀ ਦੀ ਟੀਮ ਕਰੀਬ 13 ਘੰਟੇ ਤੱਕ ਬੰਗਲੇ ‘ਚ ਮੌਜੂਦ ਰਹੀ। ਈਡੀ ਦੀ ਟੀਮ ਝਾਰਖੰਡ ‘ਚ ਜ਼ਮੀਨ ਘਪਲੇ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਮਾਮਲੇ ‘ਚ ਪੁੱਛਗਿੱਛ ਲਈ ਹੇਮੰਤ ਸੋਰੇਨ ਦੇ ਬੰਗਲੇ ‘ਤੇ ਪਹੁੰਚੀ ਸੀ। ਨਕਦੀ ਦੇ ਨਾਲ-ਨਾਲ ਈਡੀ ਨੇ ਬੰਗਲੇ ‘ਚੋਂ ਕੁਝ ਜ਼ਰੂਰੀ ਦਸਤਾਵੇਜ਼ਾਂ ਸਮੇਤ ਇਕ ਹਰਿਆਣਾ ਨੰਬਰ ਦੀ BMW ਕਾਰ ਅਤੇ ਇਕ ਹੋਰ ਕਾਰ ਵੀ ਬਰਾਮਦ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹੇਮੰਤ ਸੋਰੇਨ ਨੇ ਈਡੀ ਨੂੰ ਦੱਸਿਆ ਹੈ ਕਿ ਉਹ ਬੁੱਧਵਾਰ ਨੂੰ ਰਾਂਚੀ ਸਥਿਤ ਆਪਣੇ ਘਰ ‘ਤੇ ਮਿਲਣਗੇ।
ਈਡੀ ਨੇ ਜ਼ਮੀਨ ਘਪਲੇ ਵਿੱਚ ਪੁੱਛਗਿੱਛ ਲਈ ਹੇਮੰਤ ਸੋਰੇਨ ਨੂੰ ਕਈ ਵਾਰ ਸੰਮਨ ਜਾਰੀ ਕੀਤੇ ਹਨ। ਹਾਲਾਂਕਿ ਕਈ ਵਾਰ ਸੰਮਨ ਜਾਰੀ ਹੋਣ ਤੋਂ ਬਾਅਦ ਵੀ ਹੇਮੰਤ ਸੋਰੇਨ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਹਾਲ ਹੀ ‘ਚ ਈਡੀ ਦੀ ਟੀਮ ਨੇ ਹੇਮੰਤ ਸੋਰੇਨ ਤੋਂ ਰਾਂਚੀ ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਕਈ ਘੰਟੇ ਪੁੱਛਗਿੱਛ ਕੀਤੀ ਸੀ। ਇਸ ਤੋਂ ਬਾਅਦ ਈਡੀ ਨੇ ਮੁੜ ਸੰਮਨ ਜਾਰੀ ਕਰਕੇ ਉਸ ਨੂੰ 29 ਜਾਂ 30 ਜਨਵਰੀ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਹੈ। ਸ਼ਨੀਵਾਰ ਨੂੰ ਹੇਮੰਤ ਸੋਰੇਨ ਦੇ ਦਿੱਲੀ ਆਉਣ ਦੀ ਜਾਣਕਾਰੀ ਸਾਹਮਣੇ ਆਈ, ਜਿਸ ਤੋਂ ਬਾਅਦ ਈਡੀ ਦੀ ਟੀਮ ਪੁੱਛ-ਗਿੱਛ ਕਰਨ ਲਈ ਦਿੱਲੀ ਸਥਿਤ ਹੇਮੰਤ ਸੋਰੇਨ ਦੇ ਘਰ ਪਹੁੰਚੀ, ਪਰ ਹੇਮੰਤ ਸੋਰੇਨ ਉੱਥੇ ਵੀ ਨਹੀਂ ਮਿਲੇ ।