ਚੰਡੀਗੜ੍ਹ, 17 ਜੁਲਾਈ 2024: ਕੋਰੋਨਾ ਵਾਇਰਸ ਤੋਂ ਬਾਅਦ ਹੁਣ ਚਾਂਦੀਪੁਰਾ ਵਾਇਰਸ (Chandipura virus) ਦੇ ਮਾਮਲੇ ਸਾਹਮਣੇ ਆਏ ਹਨ | ਚਾਂਦੀਪੁਰਾ ਵਾਇਰਸ ਰਾਜਸਥਾਨ ਅਤੇ ਗੁਜਰਾਤ ਦਾਖਲ ਹੋ ਗਿਆ ਹੈ | ਰਾਜਸਥਾਨ ਦੇ ਉਦੈਪੁਰ ਦੇ ਆਦਿਵਾਸੀ ਖੇਤਰਾਂ ਦੇ ਕਈ ਬੱਚਿਆਂ ‘ਚ ਚਾਂਦੀਪੁਰਾ ਵਾਇਰਸ ਦੇ ਲੱਛਣ ਦਿਖਾਈ ਦਿੱਤੇ ਹਨ |
ਮਿਲੀ ਜਾਣਕਾਰੀ ਮੁਤਾਬਕ ਗੁਜਰਾਤ ਦੇ ਹਿੰਮਤਨਗਰ ਦੇ ਸਿਵਲ ਹਸਪਤਾਲ ‘ਚ ਇਲਾਜ ਦੌਰਾਨ ਇੱਕ ਬੱਚੇ ਦੀ ਮੌਤ ਦੀ ਖ਼ਬਰ ਹੈ ਅਤੇ ਇੱਕ ਹੋਰ ਬੱਚੇ ‘ਚ ਵੀ ਚਾਂਦੀਪੁਰਾ ਵਾਇਰਸ ਦੇ ਲੱਛਣ ਪਾਏ ਗਏ ਹਨ | ਮੈਡੀਕਲ ਅਤੇ ਸਿਹਤ ਵਿਭਾਗ ਨੇ ਵਾਇਰਸ ਨੂੰ ਲੈ ਕੇ ਸੂਬੇ ਭਰ ‘ਚ ਅਲਰਟ ਜਾਰੀ ਕੀਤਾ ਹੈ। ਉਦੈਪੁਰ ਜ਼ਿਲ੍ਹੇ ਦੇ ਖੇਰਵਾੜਾ ਬਲਾਕ ਦੇ ਦੋ ਪਿੰਡਾਂ ‘ਚ ਇਸ ਬਿਮਾਰੀ ਦੀ ਸੂਚਨਾ ਮਿਲੀ ਹੈ।
ਦੱਸਿਆ ਜਾ ਰਿਹਾ ਹੈ ਕਿ ਚਾਂਦੀਪੁਰਾ ਵਾਇਰਸ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਸਿੱਧਾ ਬੱਚਿਆਂ ਦੇ ਦਿਮਾਗ ‘ਤੇ ਹਮਲਾ ਕਰਦਾ ਹੈ। ਪਹਿਲਾਂ, ਬੁਖਾਰ ਵਰਗੇ ਲੱਛਣ ਆਮ ਵਾਇਰਸ ਵਾਂਗ ਦਿਖਾਈ ਦਿੰਦੇ ਹਨ। ਬਾਅਦ ‘ਚ ਬੱਚੇ ਅਚਾਨਕ ਕੋਮਾ ‘ਚ ਚਲੇ ਜਾਂਦੇ ਹਨ।
ਗੁਜਰਾਤ ‘ਚ ਜਿਨ੍ਹਾਂ ਬੱਚਿਆਂ ‘ਚ ਚਾਂਦੀਪੁਰਾ ਵਾਇਰਸ ਦੇ ਲੱਛਣ ਦਿਖਾਈ ਦਿੱਤੇ ਹਨ, ਉਨ੍ਹਾਂ ਬੱਚਿਆਂ ਦੇ ਸੈਂਪਲ ਲੈ ਕੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ, ਪੁਣੇ ਨੂੰ ਭੇਜ ਦਿੱਤੇ ਗਏ ਹਨ ਤਾਂ ਜੋ ਚਾਂਦੀਪੁਰਾ ਵਾਇਰਸ ਬਾਰੇ ਜਾਂਚ ਕੀਤੀ ਜਾ ਸਕੇ।
ਚਾਂਦੀਪੁਰਾ ਵਾਇਰਸ (Chandipura virus) ਦੇ ਲੱਛਣ
ਇਸ ਵਾਇਰਸ ਦੇ ਸ਼ੁਰੂ ‘ਚ ਮਰੀਜ਼ ਨੂੰ ਫਲੂ ਵਰਗੇ ਲੱਛਣਾਂ ਵਾਲਾ ਬੁਖਾਰ ਹੁੰਦਾ ਹੈ। ਇਸ ਦੇ ਨਾਲ ਹੀ ਪੀੜਤ ਨੂੰ ਉਲਟੀ, ਦਸਤ ਦੀ ਸ਼ਿਕਾਇਤ ਹੋਣ ਲੱਗਦੀ ਹੈ ਅਤੇ ਦੌਰੇ ਵੀ ਸ਼ੁਰੂ ਹੋ ਜਾਂਦੇ ਹਨ। ਜੇਕਰ ਅਜਿਹਾ ਹੁੰਦਾ ਹੈ, ਤਾਂ ਮਰੀਜ਼ ਕੋਮਾ ਦੀ ਸਥਿਤੀ ‘ਚ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ |
ਕਿਹਾ ਜਾਂਦਾ ਹੈ ਕਿ 1966 ‘ਚ ਮਹਾਰਾਸ਼ਟਰ ਦੇ ਚਾਂਦੀਪੁਰ ਪਿੰਡ ‘ਚ ਇੱਕ ਵਿਲੱਖਣ ਕਿਸਮ ਦਾ ਲਾਗ ਫੈਲਿਆ ਸੀ | ਇਸ ਵਾਇਰਸ ਨਾਲ ਲਗਭਗ 15 ਸਾਲ ਤੱਕ ਦੇ ਉਮਰ ਦੇ ਬੱਚੇ ਪ੍ਰਭਾਵਿਤ ਹੋਏ ਸਨ ਅਤੇ ਕਈ ਬੱਚਿਆਂ ਦੀ ਵੀ ਮੌਤ ਹੋ ਗਈ ਸੀ | ਉਦੋਂ ਤੋਂ ਇਸ ਕਿਸਮ ਦੀ ਲਾਗ ਨੂੰ ਚਾਂਦੀਪੁਰ ਵਾਇਰਸ ਵਜੋਂ ਜਾਣਿਆ ਜਾਂਦਾ ਹੈ।