July 8, 2024 8:14 pm
captain-amarinder-singh

ਕੈਪਟਨ ਅਮਰਿੰਦਰ ਸਿੰਘ ਬਣ ਸਕਦੇ ਹਨ ਮਹਾਰਾਸ਼ਟਰ ਦੇ ਅਗਲੇ ਰਾਜਪਾਲ

ਚੰਡੀਗੜ੍ਹ, 27 ਜਨਵਰੀ 2023: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਮਹਾਰਾਸ਼ਟਰ ਦੇ ਅਗਲੇ ਰਾਜਪਾਲ ਬਣ ਸਕਦੇ ਹਨ। ਇਸ ਨੂੰ ਲੈ ਕੇ ਪੰਜਾਬ ਵਿਚ ਕਾਫੀ ਸਿਆਸੀ ਚਰਚਾ ਛਿੜੀ ਹੋਈ ਹੈ। ਕੈਪਟਨ ਕੁਝ ਸਮਾਂ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਨੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ (ਪੀ.ਐਲ.ਸੀ.) ਦਾ ਵੀ ਭਾਜਪਾ ਵਿਚ ਰਲੇਵਾਂ ਕਰ ਦਿੱਤਾ।

ਮਹਾਰਾਸ਼ਟਰ ਦੇ ਮੌਜੂਦਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਅਹੁਦਾ ਛੱਡਣ ਦੀ ਇੱਛਾ ਜਤਾਈ ਹੈ। ਜਿਸ ਤੋਂ ਬਾਅਦ ਕੈਪਟਨ ਨੂੰ ਲੈ ਕੇ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਫੌਜ ਤੋਂ ਸੇਵਾਮੁਕਤ ਕੈਪਟਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚੰਗੇ ਸਬੰਧ ਹਨ। ਹਾਲ ਹੀ ਵਿੱਚ ਉਨ੍ਹਾਂ ਨੂੰ ਭਾਜਪਾ ਦੀ 83 ਮੈਂਬਰੀ ਕੌਮੀ ਕਾਰਜਕਾਰਨੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 29 ਜਨਵਰੀ ਨੂੰ ਪਟਿਆਲਾ ਵਿੱਚ ਰੈਲੀ ਕਰਨੀ ਸੀ। ਇਸ ਸਬੰਧੀ ਪੂਰੀ ਤਿਆਰੀ ਕਰ ਲਈ ਗਈ ਸੀ । ਕੈਪਟਨ ਅਮਰਿੰਦਰ ਸਿੰਘ (Captain Amarinder Singh) ਇਸ ਰੈਲੀ ਰਾਹੀਂ ਪੰਜਾਬ ਵਿੱਚ ਮੁੜ ਆਪਣੀ ਤਾਕਤ ਦਿਖਾਉਣ ਵਾਲੇ ਸਨ। ਇਸ ਰੈਲੀ ਰਾਹੀਂ ਭਾਜਪਾ ਨੇ ਪੰਜਾਬ ਵਿੱਚ ਲੋਕ ਸਭਾ ਦਾ ਬਿਗਲ ਵਜਾਉਣਾ ਸੀ। ਹਾਲਾਂਕਿ ਅਚਾਨਕ ਇਹ ਰੈਲੀ ਮੁਲਤਵੀ ਕਰ ਦਿੱਤੀ ਗਈ। ਜਿਸ ਤੋਂ ਬਾਅਦ ਇਹ ਚਰਚਾ ਜ਼ੋਰ ਫੜ ਗਈ ਹੈ ਕਿ ਕੈਪਟਨ ਨੂੰ ਲੈ ਕੇ ਭਾਜਪਾ ਅੰਦਰ ਕੁਝ ਹਲਚਲ ਚੱਲ ਰਹੀ ਹੈ |