ਕੈਪਟਨ ਵੱਲੋਂ ਅੰਮ੍ਰਿਤਸਰ ਦੇ

ਕੈਪਟਨ ਵੱਲੋਂ ਅੰਮ੍ਰਿਤਸਰ ਦੇ ਵਿਕਾਸ ਲਈ 100 ਕਰੋੜ ਦੇ ਫੰਡਾਂ ਨੂੰ ਮਿਲੀ ਮਨਜ਼ੂਰੀ

ਚੰਡੀਗੜ੍ਹ ,19 ਅਗਸਤ 2021 : ਅੱਜ ਮੇਅਰ ਕਰਮਜੀਤ ਸਿੰਘ, ਨਗਰ ਨਿਗਮ ਅੰਮ੍ਰਿਤਸਰ ਵੱਲੋਂ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ ਦੀ ਸਮੀਖਿਆ ਲਈ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਚੀਫ਼ ਪ੍ਰਿੰਸੀਪਲ ਸੈਕਟਰੀ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿਚ ਸ਼ਾਮਿਲ ਹੋਏ। ਉਹਨਾਂ ਦੇ ਨਾਲ ਇਸ ਮੀਟਿੰਗ ਵਿਚ ਮੈਂਬਰ ਪਾਰਲੀਆਮੈਂਟ ਗੁਰਜੀਤ ਸਿੰਘ ਔਜਲਾ, ਕਮਿਸ਼ਨਰ ਨਗਰ ਨਿਗਮ ਮਾਲਵਿੰਦਰ ਸਿੰਘ ਜੱਗੀ, ਸਥਾਨਕ ਸਰਕਾਰ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਤੇ ਡਾਇਰੈਕਟਰ ਵੀ ਹਾਜ਼ਰ ਸਨ ਜਦਕਿ ਮੀਟਿੰਗ ਵਿਚ ਬੁਲਾਏ ਗਏ ਬਾਕੀ ਵਿਭਾਗਾਂ ਦੇ ਮੁੱਖੀਆਂ ਵੱਲੋਂ ਇਹ ਮੀਟਿੰਗ ਵੀਡੀਓ ਕਾਨਫਰੈਂਸ ਰਾਂਹੀਂ ਅਟੈਂਡ ਕੀਤੀ ਗਈ।

ਪਿਛਲੇ ਦਿਨੀਂ ਮੇਅਰ ਕਰਮਜੀਤ ਸਿੰਘ ਵੱਲੋਂ ਕੈਪਟਨ ਅਮਰਿੰਦਰ ਸਿੰਘ ਪਾਸੋਂ ਸ਼ਹਿਰ ਦੇ ਵਿਕਾਸ ਦੇ ਕੰਮਾਂ ਲਈ ਫੰਡ ਮੁਹੱਈਆ ਕਰਵਾਉਣ ਅਤੇ ਕੌਂਸਲਰ ਸਾਹਿਬਾਨ ਦੀਆਂ ਮ਼ਸਕਿਲਾਂ ਸੁਨਣ ਲਈ ਸਮਾਂ ਲਿਆ ਗਿਆ ਸੀ ਅਤੇ ਮਾਨਯੋਗ ਮੁੱਖਮੰਤਰੀ ਜੀ ਵੱਲੋਂ ਮੇਅਰ ਕਰਮਜੀਤ ਸਿੰਘ ਦੀਆਂ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਦਿੱਤੀਆਂ ਗਈਆਂ ਤਜ਼ਵੀਜਾਂ ਅਤੇ ਕੌਂਸਲਰ ਸਾਹਿਬਾਨ ਦੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਭਰੋਸਾ ਦੁਆਇਆ ਗਿਆ ਸੀ |

ਉਹ, ਉਹਨਾਂ ਦੀਆਂ ਤਜਵੀਜ਼ਾਂ ਤੇ ਜਰੂਰ ਗੌਰ ਕਰਨਗੇ ਅਤੇ ਜਲਦ ਹੀ ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਦੀ ਮੀਟਿੰਗ ਬੁਲਾਕੇ ਫੰਡ ਮੁਹੱਈਆ ਕਰਵਾਏ ਜਾਣਗੇ ਜਿਸ ਦੇ ਸਿੱਟੇ ਵੱਜੋ ਅੱਜ ਮਿਤੀ 19-8-21 ਨੂੰ ਮੁੱਖ ਮੰਤਰੀ ਜੀ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਜੀ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਖੇ ਮੀਟਿੰਗ ਹੋਈ ਜਿਸ ਵਿਚ ਮੁੱਖ ਮੰਤਰੀ ਨੇ ਆਪਣਾ ਵਾਅਦਾ ਪੂਰਾ ਕਰਦੇ ਹੋਏ ਅੰਮ੍ਰਿਤਸਰ ਸ਼ਹਿਰ ਦੇ ਲਈ ਨਗਰ ਨਿਗਮ, ਅੰਮ੍ਰਿਤਸਰ ਨੂੰ 100 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀਆਂ ਤਜਵੀਜਾਂ ਨੂੰ ਪ੍ਰਵਾਨਗੀ ਦਿੰਦੇ ਹੋਏ ਫੰਡ ਮਨਜ਼ੂਰ ਕੀਤੇ ਹਨ।

ਉਕਤ ਮੀਟਿੰਗ ਵਿਚ ਸ਼ਹਿਰ ਦੀਆਂ ਸੜ੍ਹਕਾਂ, ਗੁਰੂ ਨਾਨਕ ਭਵਨ ਆਡੋਟੋਰੀਅਮ ਦੀ ਮੁਰੰਮਤ, ਪਾਰਕਾਂ ਦੇ ਰੱਖ-ਰਖਾਵ, ਪ੍ਰਮੁੱਖ ਸੜਕਾਂ ਪੁੱਲਾਂ ਦੇ ਡਿਵਾਇਡਰਾਂ ਦੇ ਰੱਖ-ਰਖਾਵ, ਟ੍ਰੈਫਿਕ ਲਾਂਈਟਾਂ, ਪ੍ਰਮੁੱਖ ਸੜਕਾ ਦੇ ਆਲੇ-ਦੁਆਲੇ ਦੀਆਂ ਗਰੀਨ ਬੈਲਟਾਂ, ਐਲ.ਈ.ਡੀ. ਸਿਗਨੇਜੀਸ, ਹੈਰੀਟੇਜ਼ ਸਟਰੀਟ ਦਾ ਰੱਖ-ਰਖਾਵ, ਗੋਲਡਨ ਗੇਟ ਦੀ ਮੁਰੰਮਤ, ਸ਼ਹਿਰ ਦੇ ਬਾਕੀ ਰਹਿੰਦੇ ਇਲਾਕਿਆਂ ਵਿਚ ਸਟਰੀਟ ਲਾਈਟਾਂ ਅਤੇ ਪਾਣੀ ਸੀਵਰੇਜ਼ ਦੀਆਂ ਪਾਈਪਾਂ ਵਿਛਾਉਣ ਅਤੇ ਹੋਰ ਫੁੱਟਕਲ ਕੰਮਾਂ ਲਈ 50 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।


ਇਸ ਤੋਂ ਇਲਾਵਾ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਦੱਖਣੀ ਵਿਚ ਪੈਂਦੀਆਂ ਵਾਰਡ ਨੰਬਰ 33, 34, 35 ਅਤੇ 38 ਵਿਚ ਪਿਛਲੀ ਸਰਕਾਰ ਦੌਰਾਨ ਠੇਕੇਦਾਰ ਕੰਪਨੀ ਵੱਲੋਂ ਸਾਊਥ-ਈਸਟਨ ਪ੍ਰੋਜੈਕਟ ਅਧੀਨ ਜਿਹੜੇ ਕੰਮ ਅਧੂਰੇ ਛੱਡ ਦਿੱਤੇ ਸਨ ਉਹਨਾਂ ਨੂੰ ਮੁਕੰਮਲ ਕਰਨ ਲਈ ਮੇਅਰ ਕਰਮਜੀਤ ਸਿੰਘ ਵੱਲੋਂ ਕੀਤੇ ਗਏ ਅਣਥੱਕ ਉਪਰਾਲਿਆਂ ਦੇ ਸਿੱਟੇ ਵੱਜੋਂ ਸਰਕਾਰ ਵੱਲੋ ਲਗਭਗ 25 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ।

ਇਸ ਤੋਂ ਇਲਾਵਾ ਬੀ.ਆਰ.ਟੀ.ਐਸ. ਰੂਟ ਦੀਆਂ ਸੜਕਾਂ ਗੋਲਡਨ ਗੇਟ ਤੋਂ ਇੰਡੀਆ ਗੇਟ ਤੱਕ ਖਸਤਾ ਹਾਲ ਵਿਚ ਹਨ ਤੇ ਜਿਸ ਕਰਕੇ ਲੋਕਾਂ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਦੀ ਮੁੜ ਬੰਣਤਰ ਲਈ ਵੀ ਮੇਅਰ ਕਰਮਜੀਤ ਸਿੰਘ ਵੱਲੋਂ ਸਰਕਾਰ ਪਾਸੋਂ ਫੰਡ ਜਾਰੀ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਸਨ ਜਿਸ ਦੇ ਸਿੱਟੇ ਵੱਜੋਂ ਸਰਕਾਰ ਵੱਲੋਂ 25 ਕਰੋੜ ਰੁਪਏ ਮਨਜ਼ੂਰ ਕਰ ਦਿੱਤੇ ਗਏ ਹਨ।

ਇਸ ਮੀਟਿੰਗ ਵਿਚ ਤੰਗੂ ਢਾਬ ਨਾਲਾ ਜੋ ਕਿ ਰਾਮਤੀਰਥ ਰੋੜ ਤੋਂ ਅੰਮ੍ਰਿਤ-ਆਨੰਦ ਪਾਰਕ ਚੌਂਕ ਤੱਕ ਅਤੇ ਗੁਮਟਾਲਾ ਤੋਂ ਪੰਡੋਰੀ ਵੜੈਚ ਤੱਕ ਜਾਂਦਾ ਹੈ ਅਤੇ ਜਿਸ ਕਰਕੇ ਇਸ ਗੰਦੇ ਨਾਲੇ ਦੇ ਆਸ-ਪਾਸ ਲੱਗਦੀਆਂ ਆਬਾਦੀਆਂ ਦੇ ਵਸਨੀਕਾਂ ਨੂੰ ਇਸ ਤੋਂ ਛੂਟਕਾਰਾ ਦੁਵਾਉਣ ਲਈ ਲੁਧਿਆਣਾ ਦੇ ਬੁੱਢਾ ਨਾਲਾ ਦੀ ਤਰਜ਼ ਤੇ ਇਕ ਕਮੇਟੀ ਬਨਾਉਣ ਦੀ ਮਨਜ਼ੂਰ ਵੀ ਦਿੱਤੀ ਗਈ ਤਾਂ ਜੋ ਰੂਪ-ਰੇਖਾ ਤਿਆਰ ਕਰਕੇ ਭਵਿੱਖ ਵਿਚ ਇਸ ਨਾਲੇ ਨੂੰ ਯੌਜਨਾਬੱਧ ਤਰੀਕੇ ਨਾਲ ਵਿਕਸਤ ਕੀਤਾ ਜਾ ਸਕੇ।

ਇਸ ਮੌਕੇ ਤੇ ਮੇਅਰ ਕਰਮਜੀਤ ਸਿੰਘ ਨੇ ਮੁੱਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੁੱਖਮੰਤਰੀ ਸਾਹਿਬ ਨੇ ਜੋ ਵੀ ਵਾਅਦੇ ਕੀਤੇ ਸਨ ਉਹਨਾਂ ਨੂੰ ਹਮੇਸ਼ਾਂ ਪੂਰਾ ਕੀਤਾ ਹੈ ਅਤੇ ਅੰਮ੍ਰਿਸਤਰ ਸ਼ਹਿਰ ਨੂੰ ਹਮੇਸ਼ਾਂ ਵੱਧ ਤੋਂ ਵੱਧ ਫੰਡ ਮੁਹੱਈਆ ਕਰਵਾਏ ਹਨ ਅਤੇ ਪਿਛਲੇ ਦਿਨੀ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਕੀਤੇ ਗਏ ਐਲਾਨ ਮੁਤਾਬਿਕ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਲਈ 100ਕਰੋੜ ਰੁਪਏ ਮਨਜ਼ੂਰ ਕਰਕੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ।

Scroll to Top