ਕਾਂਗਰਸ ਦੀ ਪੰਜ ਸੂਬਿਆਂ ਦੀ ਹਾਰ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਵੱਡਾ ਬਿਆਨ

Capt. Amarinder Singh

ਚੰਡੀਗੜ੍ਹ 14 ਮਾਰਚ 2022: ਪੰਜਾਬ ਚੋਣਾਂ 2022 ‘ਚ ਕਾਂਗਰਸ ਦੀ ਸ਼ਰਮਨਾਕ ਹਾਰ ਹੋਈ | ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਪੰਜਾਬ ਚੋਣਾਂ ‘ਚ ਕਾਂਗਰਸ ਦਾ ਸਫ਼ਾਇਆ ਹੋਣ ਲਈ ਪੂਰੀ ਤਰ੍ਹਾਂ ਨਾਲ ਗਾਂਧੀ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਕਾਰਜ ਸੰਮਤੀ ਦੀ ਬੈਠਕ ‘ਚ ਆਪਣੀਆਂ ਗ਼ਲਤੀਆਂ ਨੂੰ ਨਿਮਰਤਾ ਨਾਲ ਕਬੂਲ ਕਰਨ ਦੀ ਬਜਾਏ ਪੰਜਾਬ ਚੋਣਾਂ ‘ਚ ਬੁਰੀ ਤਰ੍ਹਾਂ ਹਾਰ ਲਈ ਉਨ੍ਹਾਂ ’ਤੇ ਹੀ ਦੋਸ਼ ਲਾਇਆ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨਾ ਸਿਰਫ ਪੰਜਾਬ ‘ਚ ਹਾਰੀ ਬਲਕਿ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਣੀਪੁਰ ‘ਚ ਵੀ ਚੋਣਾਂ ਹਾਰੀ ਤੇ ਇਸ ਸ਼ਰਮਨਾਕ ਹਾਰ ਲਈ ਪੂਰੀ ਤਰ੍ਹਾਂ ਗਾਂਧੀ ਪਰਿਵਾਰ ਜ਼ਿੰਮੇਵਾਰ ਹੈ। ਹੁਣ ਲੋਕ ਹੀ ਨਹੀਂ ਸਮੁੱਚਾ ਦੇਸ਼ ਗਾਂਧੀ ਪਰਿਵਾਰ ਦੀ ਲੀਡਰਸ਼ਿਪ ‘ਚ ਭਰੋਸਾ ਗੁਆ ਬੈਠਾ ਹਨ । ਇਸ ਦੇ ਬਾਵਜੂਦ ਸੱਚਾਈ ਨੂੰ ਨਕਾਰਿਆ ਜਾ ਰਿਹਾ ਹੈ।

ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਕਿਹਾ ਕਿ ਕਾਂਗਰਸ ਦੇ ਕਈ ਸੀਨੀਅਰ ਨੇਤਾ ਇਸ ਦੇ ਲਈ ਪ੍ਰਦੇਸ਼ ਕਾਂਗਰਸ ਦੇ ਅੰਦਰਲੇ ਕਾਟੋ ਕਲੇਸ਼ ਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਾਰਟੀ ਵਿਰੋਧੀ ਬਿਆਨਾਂ ਨੂੰ ਸੂਬੇ ‘ਚ ਕਾਂਗਰਸ ਦੀ ਹਾਰ ਲਈ ਜ਼ਿੰਮੇਵਾਰ ਦੱਸ ਰਹੇ ਹਨ। ਸਰਹੱਦੀ ਸੂਬੇ ‘ਚ ਪਾਰਟੀ ਨੇ ਉਸੇ ਦਿਨ ਆਪਣੀ ਕਬਰ ਪੁੱਟਣੀ ਸ਼ੁਰੂ ਕਰ ਦਿੱਤੀ ਸੀ, ਜਿਸ ਦਿਨ ਇਸ ਅਸਥਿਰ ਮਨ ਤੇ ਬੜਬੋਲੇ ਨਵਜੋਤ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਵਰਗੇ ਭ੍ਰਿਸ਼ਟ ਵਿਅਕਤੀ ਨੂੰ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾਇਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਦੇ ਨੇਤਾ ਸਪੱਸ਼ਟ ਬੋਲਣ ਦੀ ਬਜਾਏ ਉਨ੍ਹਾਂ ’ਤੇ ਦੋਸ਼ ਲਾ ਰਹੇ ਹਨ ਕਿ ਅਮਰਿੰਦਰ ਸਰਕਾਰ ਖ਼ਿਲਾਫ਼ ਜ਼ਬਰਦਸਤ ਐਂਟੀ ਇਨਕੰਬੈਂਸੀ, ਜਦਕਿ ਉਨ੍ਹਾਂ ਦੇ ਸਮੇਂ ਪਾਰਟੀ ਨੇ ਚੋਣ ਜਿੱਤੇ ਤੇ ਫਰਵਰੀ 2021 ਵਿਚ ਨਗਰ ਨਿਗਮ ਚੋਣਾਂ ਜਿੱਤੀਆਂ।

ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇਹ ਆਗੂ ਗਾਂਧੀ ਪਰਿਵਾਰ ਨੂੰ ਬਚਾਉਣ ਲਈ ਮੇਰੇ ’ਤੇ ਦੋਸ਼ ਮੜ੍ਹ ਰਹੇ ਹਨ, ਪਰ ਅੱਖਾਂ ਬੰਦ ਕਰਨ ਨਾਲ ਪਾਰਟੀ ਦਾ ਨੁਕਸਾਨ ਹੀ ਹੋਵੇਗਾ। ਪਾਰਟੀ ਦੇ ਹਿੱਤ ’ਚ ਫ਼ੈਸਲੇ ਲੈਣ ਦੀ ਬਜਾਏ ਭਵਿੱਖ ਲਈ ਟੋਇਆ ਪੁੱਟ ਰਹੇ ਹਨ। ਇਹ ਆਗੂ ਕਾਂਗਰਸ ਦਾ ਭਲਾ ਨਹੀਂ ਚਾਹੁੰਦੇ। ਕੈਪਟਨ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ ਦੀ ਹਾਰ ਦਾ ਅਸਲ ਕਾਰਨ ਕਾਂਗਰਸ ਹਾਈਕਮਾਂਡ ਦੀ ਨਾਕਾਮੀ ਰਹੀ। ਸਿੱਧੂ ਵਰਗੇ ਆਗੂ ਨੇ ਸਵਾਰਥਾਂ ਦੀ ਖਾਤਿਰ ਪਾਰਟੀ ਦੇ ਅਕਸ ਨੂੰ ਮਿੱਟੀ ’ਚ ਮਿਲਾ ਦਿੱਤਾ ਅਤੇ ਹਾਰ ਦਾ ਠੀਕਰਾ ਮੇਰੇ ਸਿਰ ਭੰਨਿਆ ਜਾ ਰਿਹਾ ਹੈ। ਗਾਂਧੀ ਪਰਿਵਾਰ ਨੇ ਨਵਜੋਤ ਸਿੱਧੂ ਤੇ ਅਜਿਹੇ ਲੋਕਾਂ ਨਾਲ ਹੱਥ ਮਿਲਾ ਲਿਆ, ਜਿਨ੍ਹਾਂ ਨੂੰ ਸਿਆਸਤ ਦੀ ਇੰਨੀ ਸਮਝ ਨਹੀਂ ਸੀ। ਅਜਿਹੀ ਹਾਲਤ ’ਚ ਚੋਣਾਂ ’ਚ ਕਾਂਗਰਸ ਦਾ ਸਫ਼ਾਇਆ ਹੋਣਾ ਲਾਜ਼ਮੀ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।