ਸ੍ਰੀ ਮੁਕਤਸਰ ਸਾਹਿਬ 13 ਮਾਰਚ 2024: ਪੀ.ਏ.ਯੂ ਕ੍ਰਿਸ਼ੀ ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਪਿੰਡ ਤਰਖਾਣ ਵਾਲਾ ਵਿਖੇ ਕਨੋਲਾ ਗੋਭੀ ਸਰੋਂ ਸਬੰਧੀ ਖੇਤ ਦਿਵਸ ਦਾ ਮਨਾਇਆ ਗਿਆ, ਜਿਸ ਵਿੱਚ ਪਿੰਡ ਦੇ ਲਗਭਗ 100 ਸੂਝਵਾਨ ਕਿਸਾਨ ਵੀਰਾਂ ਨੇ ਭਾਗ ਲਿਆ। ਖੇਤ ਦਿਵਸ ਦੀ ਪ੍ਰਧਾਨਗੀ ਕਰਦੇ ਹੋਏ ਡਾ. ਕਰਮਜੀਤ ਸ਼ਰਮਾ, ਸਹਿਯੋਗੀ ਨਿਰਦੇਸ਼ਕ, ਕ੍ਰਿਸ਼ੀ ਵਿਗਿਆਨ ਕੇਂਦਰ ਨੇ ਫਸਲੀ ਵਿਭਿਨਤਾ ਵਿੱਚ ਸਰੋਂ ਦੀ ਫਸਲ ਦੇ ਮਹੱਤਵ ਅਤੇ ਆਰਥਿਕ ਲੇਖੇ—ਜੋਖੇ ਬਾਰੇ ਜਾਣਕਾਰੀ ਦਿੱਤੀ। ਦੱਸਿਆ ਕਿ ਕੇ.ਵੀ.ਕੇ. ਵਲੋਂ ਜਿਲ੍ਹੇ ਦੇ ਵੱਖ—ਵੱਖ ਪਿੰਡਾਂ ਵਿਚ ਕਨੋਲਾ ਗੋਭੀ ਸਰੋਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਦਰਸ਼ਨੀ ਪਲਾਟ ਲਗਾਏ ਗਏ ਹਨ।
ਉਨ੍ਹਾਂ ਦੱਸਿਆਂ ਕਿ ਕਨੋਲਾ ਗੋਭੀ ਸਰੋਂ ਦੇ ਤੇਲ ਵਿੱਚ ਇਰੂਸਿਕ ਐਸਿਡ ਦੀ ਮਾਤਰਾ 2 ਪ੍ਰਤੀਸ਼ਤ ਤੋਂ ਘੱਟ ਅਤੇ ਇਸ ਦੀ ਖਲ ਵਿੱਚ ਗਲੂਕੋਸਿਨੋਲੇਟਸ ਦੀ ਮਾਤਰਾ 30 ਮਾਈਕ੍ਰੋਮੋਲ ਪ੍ਰਤੀ ਗ੍ਰਾਮ ਤੋਂ ਘੱਟ ਹੋਣ ਕਾਰਨ ਇਹ ਮਨੁੱਖ ਅਤੇ ਪਸ਼ੂਆਂ ਦੀ ਸਿਹਤ ਲਈ ਬਹੁਤ ਲਾਭਕਾਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਏ ਹੋਏ ਕਿਸਾਨ ਵੀਰਾਂ ਨੂੰ ਖੇਤੀ ਖਰਚੇ ਘਟਾਉਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਰ ਸਾਲ ਕਿਸਾਨ ਮੇਲੇ ਲਗਾਏ ਜਾਂਦੇ ਹਨ, ਇਨ੍ਹਾਂ ਕਿਸਾਨ ਮੇਲਿਆਂ ਵਿੱਚ ਕਿਸਾਨ ਵੱਧ ਤੋਂ ਵੱਧ ਸ਼ਿਰਕਤ ਕਰਨ। ਉਨ੍ਹਾਂ ਦੱਸਿਆ ਕਿ ਆਪਣੇ ਇਲਾਕੇ ਦਾ ਕਿਸਾਨ ਮੇਲਾ ਫਰੀਦਕੋਟ ਵਿਖੇ 18 ਮਾਰਚ ਨੂੰ ਲਗਾਇਆ ਜਾ ਰਿਹਾ ਹੈ।
ਡਾ. ਗੁਰਮੇਲ ਸਿੰਘ ਸੰਧੂ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਆਪਣੇ ਸੰਬੋਧਨ ਵਿਚ ਬਾਸਮਤੀ ਵਿੱਚ ਹੋਣ ਵਾਲੇ ਝੰਡਾ ਰੋਗ ਤੋਂ ਬਚਾਅ ਸਬੰਧੀ ਤਕਨੀਕੀ ਨੁਕਤੇ ਸਾਂਝੇ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਕੀੜੇ—ਮਕੋੜੇ ਅਤੇ ਬੀਮਾਰੀਆਂ ਦੀ ਸੁੱਚਜੀ ਰੋਕਥਾਮ ਲਈ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੌਕੇ ਡਾ. ਵਿਵੇਕ ਕੁਮਾਰ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਕਿਸਾਨ ਵੀਰਾਂ ਨੂੰ ਖਾਲੀ ਥਾਵਾਂ ਉਪਰ ਉੱਗੇ ਨਦੀਨਾਂ ਦੇ ਖਾਤਮੇ ਲਈ ਪ੍ਰੇਰਿਆ। ਇਸ ਦੇ ਨਾਲ ਹੀ ਡਾ. ਵਿਵੇਕ ਸ਼ਰਮਾ (ਪਸ਼ੂ ਵਿਗਿਆਨ) ਨੇ ਪਸ਼ੂਆਂ ਵਿੱਚ ਮਲੱਪਾਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਗਰਮੀਆਂ ਵਿੱਚ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ।
ਅੰਤ ਵਿੱਚ ਡਾ. ਮਨਜੀਤ ਕੌਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਮਿੱਟੀ ਅਤੇ ਪਾਣੀ ਪਰਖ ਕਰਵਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਫਸਲ ਦੇ ਚੰਗੇ ਝਾੜ ਪ੍ਰਾਪਤ ਕਰਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਲਈ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਅਧਾਰ ਤੇ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਸਾਨਾਂ ਦਾ ਧੰਨਵਾਦ ਕਰਦੇ ਹੋਏ ਨੇ ਸਭ ਨੂੰ ਸਬਜੀਆਂ ਦੀ ਘਰੇਲੂ ਬਗੀਚੀ ਬਨਾਉਣ ਅਤੇ ਖੇਤੀ ਸਾਹਿਤ ਪੜਣ ਲਈ ਪ੍ਰੇਰਿਤ ਕੀਤਾ।
ਪ੍ਰੋਗਰਾਮ ਵਿਚ ਸ਼ਾਮਿਲ ਹੋਏ ਸਾਰੇ ਹੀ ਕਿਸਾਨ ਵੀਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।