ਚੰਡੀਗੜ੍ਹ, 31 ਮਈ 2024: ਹਰਿਆਣਾ ਵਿੱਚ ਲੋਕ ਸਭਾ ਆਮ ਚੋਣਾਂ-2024 ਅਤੇ ਕਰਨਾਲ ਵਿਧਾਨ ਸਭਾ ਉਪ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਨਤੀਜਿਆਂ ਦੇ ਐਲਾਨ ਤੋਂ ਬਾਅਦ (4 ਜੂਨ, 2024) ਇੱਕ ਮਹੀਨੇ ਦੇ ਅੰਦਰ ਆਪਣੇ ਚੋਣ ਖਰਚੇ (Election expenditure) ਦੇ ਵੇਰਵੇ ਜ਼ਿਲ੍ਹਾ ਚੋਣ ਅਧਿਕਾਰੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਉਣੇ ਹੋਣਗੇ। ਭਾਰਤੀ ਚੋਣ ਕਮਿਸ਼ਨ ਦੇ ਅਨੁਸਾਰ, ਜੋ ਉਮੀਦਵਾਰ ਨਿਰਧਾਰਤ ਸਮੇਂ ਦੇ ਅੰਦਰ ਚੋਣ ਖਰਚੇ ਦੇ ਵੇਰਵੇ ਪੇਸ਼ ਨਹੀਂ ਕਰਦੇ ਹਨ, ਉਨ੍ਹਾਂ ਨੂੰ ਭਵਿੱਖ ਦੀਆਂ ਚੋਣਾਂ ਲੜਨ ਲਈ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ।
ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਇਸ ਵਾਰ ਲੋਕ ਸਭਾ ਚੋਣਾਂ ਲਈ ਚੋਣ ਖਰਚ ਦੀ ਵੱਧ ਤੋਂ ਵੱਧ ਸੀਮਾ 95 ਲੱਖ ਰੁਪਏ ਪ੍ਰਤੀ ਉਮੀਦਵਾਰ ਰੱਖੀ ਗਈ ਹੈ। ਜਦੋਂ ਕਿ ਵਿਧਾਨ ਸਭਾ ਲਈ ਇਹ ਸੀਮਾ 40 ਲੱਖ ਰੁਪਏ ਸੀ। ਉਨ੍ਹਾਂ ਦੱਸਿਆ ਕਿ ਨਿਯਮਾਂ ਅਨੁਸਾਰ ਉਮੀਦਵਾਰ ਵੱਲੋਂ ਨਾਮਜ਼ਦਗੀ ਫਾਰਮ ਭਰਦੇ ਹੀ ਚੋਣ ਖਰਚਿਆਂ ਦੀ ਗਣਨਾ ਸ਼ੁਰੂ ਹੋ ਜਾਂਦੀ ਹੈ। ਇਸ ਦੇ ਲਈ ਉਮੀਦਵਾਰ ਨੂੰ ਆਪਣੇ ਰੋਜ਼ਾਨਾ ਚੋਣ ਖਰਚਿਆਂ ਦਾ ਹਿਸਾਬ ਇਕ ਵੱਖਰੀ ਡਾਇਰੀ ਵਿਚ ਰੱਖਣਾ ਹੋਵੇਗਾ ਅਤੇ ਇਕ ਵੱਖਰਾ ਬੈਂਕ ਖਾਤਾ ਵੀ ਖੋਲ੍ਹਣਾ ਹੋਵੇਗਾ। ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਖਰਚਿਆਂ (Election expenditure) ਦਾ ਹਿਸਾਬ-ਕਿਤਾਬ ਚੱਲਦਾ ਹੈ। ਇਸ ਸਮੇਂ ਦੌਰਾਨ ਕੋਈ ਵੀ ਉਮੀਦਵਾਰ ਨਿਰਧਾਰਤ ਸੀਮਾ ਤੋਂ ਵੱਧ ਪੈਸਾ ਖਰਚ ਨਹੀਂ ਕਰ ਸਕਦਾ।
ਉਨ੍ਹਾਂ ਕਿਹਾ ਕਿ ਲੋਕ ਸਭਾ ਦੀਆਂ ਆਮ ਚੋਣਾਂ ਅਤੇ ਕਰਨਾਲ ਵਿਧਾਨ ਸਭਾ ਉਪ ਚੋਣਾਂ ਦੇ ਨਤੀਜੇ 4 ਜੂਨ, 2024 ਨੂੰ ਘੋਸ਼ਿਤ ਹੁੰਦੇ ਹੀ ਉਮੀਦਵਾਰਾਂ ਲਈ ਉਸ ਮਿਤੀ ਤੋਂ ਇੱਕ ਮਹੀਨੇ ਦੇ ਅੰਦਰ-ਅੰਦਰ ਆਪਣੇ ਚੋਣ ਖਰਚੇ ਦਾ ਵੇਰਵਾ ਦੇਣਾ ਲਾਜ਼ਮੀ ਹੋਵੇਗਾ।