ਐਸ.ਏ.ਐਸ.ਨਗਰ, 20 ਫਰਵਰੀ 2024: ‘ਆਪ ਦੀ ਸਰਕਾਰ ਆਪ ਦੇ ਦੁਆਰ’ ਸਕੀਮ ਤਹਿਤ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੱਲ ਕਰਨ ਲਈ ਪਿੰਡਾਂ/ਵਾਰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ।
ਇਸੇ ਤਹਿਤ ਐਸ.ਡੀ.ਐਮ. ਦੀਪਾਂਕਰ ਗਰਗ ਦੀ ਅਗਵਾਈ ਵਿੱਚ ਸਬ ਡਵੀਜਨ ਮੁਹਾਲੀ ਦੇ ਪਿੰਡ ਮੌਜਪੁਰ, ਰਾਏਪੁਰ ਕਲਾਂ, ਸ਼ਾਮਪੁਰ ਅਤੇ ਮੋਹਾਲੀ ਦੇ ਵਾਰਡ ਨੰ: 2,6,8,9,10,11 ਅਤੇ 12 ਵਿਖੇ ਲਾਏ ਸੁਵਿਧਾ ਕੈਂਪਾਂ ਵਿੱਚ ਪਹੁੰਚ ਕੇ ਵੱਡੀ ਗਿਣਤੀ ਵਿੱਚ ਲੋੜਵੰਦਾਂ ਨੇ ਭਰਪੂਰ ਲਾਭ ਉਠਾਇਆ। ਇਸ ਸਬੰਧੀ ਸਰਕਾਰ ਦੀ ਸ਼ਲਾਘਾ ਕਰਦਿਆਂ ਲੋਕਾਂ ਨੇ ਕਿਹਾ ਕਿ ਇਹਨਾਂ ਕੈਂਪਾਂ ਸਦਕਾ ਉਹਨਾਂ ਨੂੰ ਮੁਸ਼ਕਲਾਂ ਤੋਂ ਨਿਜਾਤ ਮਿਲੀ ਹੈ ਤੇ ਉਹਨਾਂ ਨੂੰ ਸੁਖ ਦਾ ਸਾਹ ਆਇਆ ਹੈ।
ਐਸ.ਡੀ.ਐਮ. ਨੇ ਇਸ ਮੌਕੇ ਦੱਸਿਆਂ ਕਿ ਕੈਂਪ ਵਿੱਚ ਸ਼ਾਮਲ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਇਨ੍ਹਾਂ ਕੈਪਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਖੇਤਰ ਵਿੱਚ ਲੱਗਣ ਵਾਲੇ ਕੈਂਪਾਂ ਦੀ ਨਿਗਰਾਨੀ ਕਰਦੇ ਹੋਏ ਲੋਕਾਂ ਨੂੰ ਕੈਪਾਂ ਦਾ ਲਾਭ ਲੈਣ ਦੀ ਅਪੀਲ ਕਰ ਰਹ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਵੱਖ ਵੱਖ ਤਰ੍ਹਾਂ ਦੀਆਂ 43 ਸੇਵਾਵਾਂ ਆਪਣੇ ਘਰਾਂ ਨੇੜੇ ਹਾਸਲ ਕਰਨ ਲਈ ਹੈਲਪ ਲਾਈਨ ਨੰਬਰ 1076 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਨ੍ਹਾਂ ਕੈਂਪਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ‘ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ,ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ‘ਚ ਤਬਦੀਲੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।