June 30, 2024 9:52 am
Dr. Baljit Kaur

“ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਤਹਿਤ ਬਜੁਰਗਾਂ ਲਈ ਲਗਾਏ ਜਾ ਰਹੇ ਹਨ ਸੂਬੇ ‘ਚ ਕੈਂਪ: ਡਾ. ਬਲਜੀਤ ਕੌਰ

ਚੰਡੀਗੜ੍ਹ, 07 ਨਵੰਬਰ 2023: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਤਹਿਤ ਸੂਬੇ ਵਿੱਚ ਬਜੁਰਗਾਂ ਲਈ ਕੈਂਪ ਲਗਾਏ ਜਾ ਰਹੇ ਹਨ।ਇਸ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਅੱਜ ਇੱਥੇ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਜ਼ੁਰਗਾਂ ਦੀ ਭਲਾਈ ਲਈ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਦੀ ਸ਼ੁਰੂਆਤ ਜਿਲ੍ਹਾ ਫਰੀਦਕੋਟ ਤੋਂ 3 ਅਕਤੂਬਰ ਨੂੰ ਕੀਤੀ ਗਈ ਸੀ। ਇਸੇ ਤਹਿਤ ਮੋਗਾ, ਲੁਧਿਆਣਾ, ਮੁਕਤਸਰ ਸਾਹਿਬ, ਫਿਰੋਜਪੁਰ, ਫਾਜ਼ਿਲਕਾ, ਬਠਿੰਡਾ, ਮਾਨਸਾ, ਸੰਗਰੂਰ, ਮਾਲੇਰਕੋਟਲਾ, ਬਰਨਾਲਾ, ਪਠਾਨਕੋਟ, ਗੁਰਦਾਸਪੁਰ, ਅਮ੍ਰਿੰਤਸਰ, ਤਰਨਤਾਰਨ ਵਿਖੇ ਜਿਲ੍ਹਾ ਪੱਧਰ ਤੇ ਸਿਹਤ ਕੈਪ ਸਫਲਤਾਪੂਰਵਕ ਲਗਾਏ ਜਾ ਚੁੱਕੇ ਹਨ।

ਮੰਤਰੀ (Dr. Baljit Kaur) ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਬਾਕੀ ਰਹਿੰਦੇ ਜ਼ਿਲ੍ਹਿਆਂ ਵਿੱਚ ਕ੍ਰਮਵਾਰ 8 ਨਵੰਬਰ ਨੂੰ ਜਲੰਧਰ, 10 ਨਵੰਬਰ ਨੂੰ ਐਸ.ਬੀ.ਐਸ ਨਗਰ, 13 ਨਵੰਬਰ ਨੂੰ ਹੁਸ਼ਿਆਰਪੁਰ , 15 ਨਵੰਬਰ ਨੁੰ ਕਪੂਰਥਲਾ, 17 ਨਵੰਬਰ ਨੂੰ ਐਸ.ਏ.ਐਸ ਨਗਰ, 20 ਨਵੰਬਰ ਨੂੰ ਪਟਿਆਲਾ, 22 ਨਵੰਬਰ ਨੂੰ ਰੂਪਨਗਰ ਅਤੇ 24 ਨਵੰਬਰ ਨੂੰ ਫਤਹਿਗੜ੍ਹ ਸਾਹਿਬ ਵਿਖੇ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਹਨਾਂ ਜਿਲ੍ਹਾ ਪੱਧਰ ਤੇ ਸਿਹਤ ਕੈਪਾਂ ਵਿੱਚ ਬਜ਼ੁਰਗਾਂ ਨੂੰ ਪੂਰੀ ਜਰੀਏਟ੍ਰਿਕ (ਬੁਢਾਪੇ ਨਾਲ ਸਬੰਧਿਤ ਬਿਮਾਰੀਆਂ) ਜਾਂਚ, ਈ.ਐਨ.ਟੀ (ਕੰਨ ਨੱਕ ਗਲਾ) ਦੀ ਜਾਂਚ, ਅੱਖਾਂ ਦੀ ਜਾਂਚ, ਐਨਕਾਂ ਦੀ ਵੰਡ, ਅੱਖਾਂ ਦੀ ਸਰਜਰੀ ਦੀਆਂ ਮੁਫ਼ਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਕੈਪਾਂ ਮੌਕੇ ਬਜ਼ੁਰਗਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਬਜ਼ੁਰਗ ਵਿਅਕਤੀਆਂ ਦੇ ਸੀਨੀਅਰ ਸਿਟੀਜ਼ਨ ਕਾਰਡ ਬਣਾਏ ਜਾਣਗੇ ਅਤੇ ਬੁਢਾਪਾ ਪੈਨਸ਼ਨ ਦੇ ਫਾਰਮ ਵੀ ਭਰੇ ਜਾਣਗੇ।

ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਨਿਵੇਕਲੀ ਪਹਿਲ ਕਦਮੀ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰ-ਅੰਦੇਸ਼ੀ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ 60 ਸਾਲ ਦੀ ਉਮਰ ਹੰਢਾ ਚੁੱਕੇ ਸੂਬੇ ਦੇ ਹਰ ਬਾਸ਼ਿੰਦੇ ਨੂੰ ਮੁੱਢਲੀ ਸਹੂਲਤ ਦੇਣ ਲਈ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਜ਼ੁਰਗਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਡਾ. ਬਲਜੀਤ ਕੌਰ ਨੇ ਬਜ਼ੁਰਗਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਭ ਪ੍ਰਾਪਤ ਕਰਨ ਲਈ ਸਮਾਗਮਾਂ ਵਿੱਚ ਸ਼ਾਮਲ ਹੋਣ।