ਚੰਡੀਗੜ੍ਹ, 18 ਮਈ 2024: ਲੋਕ ਸਭਾ ਚੋਣਾਂ 2024 (Lok Sabha Elections 2024) ਦਾ ਪ੍ਰਚਾਰ ਸਿਖਰਾਂ ‘ਤੇ ਹੈ। ਪੰਜਵੇਂ ਪੜਾਅ ਲਈ ਚੋਣ ਪ੍ਰਚਾਰ ਸ਼ਨੀਵਾਰ ਨੂੰ ਖਤਮ ਹੋ ਜਾਵੇਗਾ। 20 ਮਈ ਨੂੰ ਹੋਣ ਵਾਲੀ ਵੋਟਿੰਗ ਦੌਰਾਨ ਵੋਟਰ ਛੇ ਸੂਬਿਆਂ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਮਹਾਰਾਸ਼ਟਰ, ਉੜੀਸਾ, ਝਾਰਖੰਡ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ ਦੀਆਂ ਕੁੱਲ 49 ਸੀਟਾਂ ‘ਤੇ ਆਪਣੀ ਵੋਟ ਪਾਉਣਗੇ।
ਪੰਜਵੇਂ ਪੜਾਅ (Lok Sabha Elections 2024) ਵਿੱਚ ਜਿਨ੍ਹਾਂ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ, ਉਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੀਆਂ 14, ਮਹਾਰਾਸ਼ਟਰ ਦੀਆਂ 13, ਪੱਛਮੀ ਬੰਗਾਲ ਦੀਆਂ ਸੱਤ ਅਤੇ ਬਿਹਾਰ ਅਤੇ ਉੜੀਸਾ ਦੀਆਂ ਪੰਜ-ਪੰਜ ਸੀਟਾਂ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਪੜਾਅ ‘ਚ ਝਾਰਖੰਡ ਦੀਆਂ ਤਿੰਨ, ਜੰਮੂ-ਕਸ਼ਮੀਰ ਅਤੇ ਲੱਦਾਖ ਦੀ ਇਕ-ਇਕ ਸੀਟ ‘ਤੇ ਵੀ ਵੋਟਿੰਗ ਹੋਣੀ ਹੈ।
ਜਿਨ੍ਹਾਂ ਸੀਟਾਂ ‘ਤੇ ਪੰਜਵੇਂ ਪੜਾਅ ‘ਚ ਵੋਟਿੰਗ ਹੋਣੀ ਹੈ, ਉਥੇ 2019 ‘ਚ ਕੁੱਲ 62.01 ਫੀਸਦੀ ਵੋਟਿੰਗ ਦਰਜ ਕੀਤੀ ਗਈ। ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ 80.13% ਵੋਟਿੰਗ ਹੋਈ। ਜੰਮੂ-ਕਸ਼ਮੀਰ 34.6% ਵੋਟਿੰਗ ਨਾਲ ਸੂਚੀ ਵਿਚ ਸਭ ਤੋਂ ਹੇਠਲੇ ਸਥਾਨ ‘ਤੇ ਰਿਹਾ। ਪੰਜਵੇਂ ਪੜਾਅ ਦੀ ਵੋਟਿੰਗ ਪੂਰੀ ਹੁੰਦੇ ਹੀ ਦੇਸ਼ ਦੀਆਂ 543 ਲੋਕ ਸਭਾ ਸੀਟਾਂ ‘ਚੋਂ 428 ‘ਤੇ ਵੋਟਿੰਗ ਪੂਰੀ ਹੋ ਜਾਵੇਗੀ। ਪੰਜਵੇਂ ਪੜਾਅ ਦੀਆਂ 49 ਸੀਟਾਂ ਲਈ ਕੁੱਲ 695 ਉਮੀਦਵਾਰ ਮੈਦਾਨ ਵਿੱਚ ਹਨ।