Site icon TheUnmute.com

Haryana: ਹਰਿਆਣਾ ‘ਚ ਭਲਕੇ ਸ਼ਾਮ ਤੋਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਹੋ ਜਾਵੇਗਾ ਬੰਦ

Haryana

ਚੰਡੀਗੜ੍ਹ, 02 ਅਕਤੂਬਰ 2024: (Haryana Legislative Assembly election 2024) ਹਰਿਆਣਾ ‘ਚ 15ਵੀਂ ਵਿਧਾਨ ਸਭਾ ਆਮ ਚੋਣ-2024 ਲਈ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਚੋਣ ਪ੍ਰਚਾਰ ‘ਤੇ 3 ਅਕਤੂਬਰ ਨੂੰ ਸ਼ਾਮ 6 ਵਜੇ ਤੋਂ ਪਾਬੰਦੀ ਰਹੇਗੀ। ਸਿਆਸੀ ਪਾਰਟੀਆਂ ਜਾਂ ਉਮੀਦਵਾਰ ਸ਼ਾਮ 6 ਵਜੇ ਤੋਂ ਬਾਅਦ ਕੋਈ ਵੀ ਬੈਠਕ ਜਾਂ ਜਨਤਕ ਬੈਠਕਾਂ ਨਹੀਂ ਕਰ ਸਕਣਗੇ।

ਇਸ ਦੇ ਨਾਲ ਹੀ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਏਜੰਟ ਨੂੰ ਛੱਡ ਕੇ ਹੋਰ ਪਾਰਟੀ ਵਰਕਰ ਜਾਂ ਆਗੂ ਅਤੇ ਪ੍ਰਚਾਰਕ ਜੋ ਸਬੰਧਤ ਹਲਕੇ ਦੇ ਵੋਟਰ ਨਹੀਂ ਹਨ, ਉਸ ਹਲਕੇ ‘ਚ ਨਹੀਂ ਰਹਿ ਸਕਦੇ। ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ 5 ਅਕਤੂਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ।

ਹਰਿਆਣਾ (Haryana) ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਕਿਹਾ ਕਿ ਲੋਕ ਪ੍ਰਤੀਨਿਧਤਾ ਕਾਨੂੰਨ, 1951 ਦੀ ਧਾਰਾ 126 ਦੇ ਤਹਿਤ, ਵੋਟਿੰਗ ਖਤਮ ਹੋਣ ਦੇ ਨਿਰਧਾਰਤ ਸਮੇਂ ਦੇ ਨਾਲ 48 ਘੰਟਿਆਂ ਦੀ ਮਿਆਦ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਚੋਣ ਪ੍ਰਚਾਰ ਬੰਦ ਹੀ ਜਾਂਦਾ ਹੈ | ਇਸ ਦੌਰਾਨ ਸਿਨੇਮੈਟੋਗ੍ਰਾਫੀ, ਟੈਲੀਵਿਜ਼ਨ ਜਾਂ ਹੋਰ ਉਪਕਰਨਾਂ ਰਾਹੀਂ ਕਿਸੇ ਕਿਸਮ ਦੀ ਚੋਣ ਸਮੱਗਰੀ ਪ੍ਰਦਰਸ਼ਿਤ ਨਹੀਂ ਕੀਤੀ ਜਾ ਸਕਦੀ।

ਇਸ ਤੋਂ ਇਲਾਵਾ ਇਸ ਪਾਬੰਦੀਸ਼ੁਦਾ ਸਮੇਂ ਦੌਰਾਨ ਕਿਸੇ ਵੀ ਪੋਲਿੰਗ ਖੇਤਰ ‘ਚ ਆਮ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਸੰਗੀਤ ਸਮਾਗਮ ਜਾਂ ਥੀਏਟਰ ਪ੍ਰੋਗਰਾਮ ਜਾਂ ਕੋਈ ਹੋਰ ਮਨੋਰੰਜਨ ਪ੍ਰੋਗਰਾਮ ਰਾਹੀਂ ਚੋਣ ਪ੍ਰਚਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਦੌਰਾਨ ਲਾਊਡਸਪੀਕਰ ਦੀ ਵਰਤੋਂ ‘ਤੇ ਵੀ ਪਾਬੰਦੀ ਰਹੇਗੀ।

ਇਸ ਤੋਂ ਇਲਾਵਾ ਪੋਲਿੰਗ ਬੂਥ ਦੇ 200 ਮੀਟਰ ਦੇ ਘੇਰੇ ਅੰਦਰ ਕੋਈ ਵੀ ਉਮੀਦਵਾਰ ਜਾਂ ਸਿਆਸੀ ਪਾਰਟੀ ਪ੍ਰਚਾਰ ਨਹੀਂ ਕਰ ਸਕਦੀ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਧਾਰਾ 126 ਉਪ ਧਾਰਾ (1) ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਅਕਤੀ ਨੂੰ 2 ਸਾਲ ਤੱਕ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।

Exit mobile version