ਐਸ.ਏ.ਐਸ. ਨਗਰ, 22 ਨਵੰਬਰ 2023: ਕਾਰਜਕਾਰੀ ਇੰਜੀਨੀਅਰ ਕਮ ਜ਼ਿਲ੍ਹਾ ਮਾਈਨਿੰਗ ਅਫ਼ਸਰ, ਐਸ.ਏ.ਐਸ. ਨਗਰ ਚੇਤਨ ਖੰਨਾ ਵੱਲੋਂ ਜ਼ਿਲ੍ਹੇ ਦੀਆਂ ਖੇਤੀਬਾੜੀ (agricultural) ਜ਼ਮੀਨਾਂ ਚੋਂ ਰੇਤ/ਗ੍ਰੈਵਲ ਦੀ ਨਿਕਾਸੀ ਦੇ ਚਾਹਵਾਨ ਖੇਤ ਮਾਲਕਾਂ ਪਾਸੋਂ ਜ਼ਿਲ੍ਹਾ ਸਰਵੇਖਣ ਰਿਪੋਰਟ ਚ ਸ਼ਾਮਿਲ ਹੋਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਰਵੇਖਣ ਰਿਪੋਰਟ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।
ਇਸ ਲਈ ਜੇਕਰ ਕੋਈ ਖੇਤੀਬਾੜੀ (agricultural) ਮਾਲਕ ਆਪਣੇ ਖੇਤ ਚੋਂ ਰੇਤ/ਗ੍ਰੈਵਲ ਦੀ ਨਿਕਾਸੀ ਕਰਵਾਉਣਾ ਚਾਹੁੰਦਾ ਹੈ ਤਾਂ ਭਾਰਤ ਸਰਕਾਰ ਦੇ ਵਾਤਾਵਰਣ , ਵਣ ਅਤੇ ਜਲਵਾਯੂ ਤਬਦੀਲੀ ਬਾਰੇ ਮੰਤਰਾਲੇ ਵੱਲੋਂ ਜਾਰੀ ਸਸਟਨੇਬਲ ਸੈਂਡ ਮਾਇਨਿੰਗ ਮੈਨੇਜਮੈਂਟ ਗਾਈਡ ਲਾਇਨਜ਼, 2016 ਅਤੇ ਇੰਫੋਰਸਮੈਂਟ ਐਂਡ ਮੋਨੀਟਰਿੰਗ ਗਾਈਡ ਲਾਇਨਜ਼ ਫਾਰ ਸੈਂਡ ਮਾਇਨਿੰਗ 2020 ਅਤੇ ਸੁਪਰੀਮ ਕੋਰਟ, ਹਾਈ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੁਆਰਾ ਜਾਰੀ ਵੱਖ-ਵੱਖ ਨਿਰਦੇਸ਼ਾਂ ਦੇ ਅਨੁਸਾਰ ਜ਼ਿਲ੍ਹਾ ਸਰਵੇਖਣ ਰਿਪੋਰਟ ਤਿਆਰ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਜ਼ਮੀਨ ਮਾਲਕ ਆਪਣੀ ਜ਼ਮੀਨ ਚੋਂ ਰੇਤ ਅਤੇ ਬਜਰੀ ਦੀ ਮਾਈਨਿੰਗ ਲਈ ਜ਼ਿਲ੍ਹਾ ਸਰਵੇਖਣ ਰਿਪੋਰਟ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ ਤਾਂ ਆਪਣੀਆਂ ਅਰਜ਼ੀਆਂ ਮਾਲ ਰਿਕਾਰਡ ਸਮੇਤ ਕਾਰਜਕਾਰੀ ਇੰਜੀਨੀਅਰ ਕਮ ਜ਼ਿਲ੍ਹਾ ਮਾਈਨਿੰਗ ਅਫ਼ਸਰ, ਐਸ.ਏ.ਐਸ. ਨਗਰ (ਪਲਾਟ ਨੰ. ਬੀ-65, ਇੰਡਸਟਰੀਅਲ ਏਰੀਆ, ਫ਼ੇਜ਼-7, ਐਸ.ਏ.ਐਸ.ਨਗਰ. ਮੋਹਾਲ਼ੀ, ਪੰਜਾਬ) ਜਾਂ ਆਪਣੇ ਸਬੰਧਤ ਐਸ ਡੀ ਐਮ ਦਫ਼ਤਰ (ਖਰੜ, ਮੋਹਾਲੀ, ਡੇਰਾਬੱਸੀ) ਵਿਖੇ ਜਮ੍ਹਾਂ ਕਰਵਾ ਸਕਦਾ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਬਿਨਾਂ ਜ਼ਿਲ੍ਹਾ ਸਰਵੇਖਣ ਰਿਪੋਰਟ ਵਿੱਚ ਸ਼ਾਮਿਲ ਕੀਤੇ, ਕਿਸੇ ਵੀ ਵਿਅਕਤੀ ਨੂੰ ਆਪਣੀ ਜ਼ਮੀਨ ਵਿੱਚੋਂ ਰੇਤਾਂ/ਗ੍ਰੈਵਲ ਦੀ ਮਾਈਨਿੰਗ ਦੀ ਮੰਨਜੂਰੀ ਨਹੀਂ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਦਿੱਤੇ ਗਏ ਨੰਬਰਾਂ (8427937729, 8872589349) ਤੇ ਸੰਪਰਕ ਕੀਤਾ ਜਾਵੇ।