ਹੜ੍ਹਾਂ ਦੀ ਮਾਰ

ਹੜ੍ਹਾਂ ਦੀ ਮਾਰ ਹੇਠਲੇ ਇਲਾਕਿਆਂ ‘ਚ ਕੈਬਨਿਟ ਮੰਤਰੀਆਂ ਦਾ ਦੌਰਾ

ਚੰਡੀਗੜ, 02 ਸਤੰਬਰ 2025:ਪੰਜਾਬ ਸਰਕਾਰ ਵੱਲੋਂ ਹੜ ਪ੍ਰਭਾਵਿਤ ਲੋਕਾਂ ਨੂੰ ਨਿਰੰਤਰ ਰਾਹਤ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਸੂਬੇ ਦੇ ਸਾਰੇ ਕੈਬਨਿਟ ਮੰਤਰੀ ਲੋਕਾਂ ਨੂੰ ਰਾਹਤ ਸਮੱਗਰੀ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਵੱਖ-ਵੱਖ ਪਿੰਡਾਂ ਅਤੇ ਹੜ ਪ੍ਰਭਾਵਿਤ ਖੇਤਰਾਂ ‘ਚ ਪਹੁੰਚੇ ਹਨ |

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਖੁਰਾਕ, ਸਿਵਲ ਸਪਲਾਈ, ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਠਾਨਕੋਟ ਜ਼ਿਲ੍ਹੇ ਦੇ ਭੋਆ ਹਲਕੇ ਦੇ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨਾਂ ਨੇ ਅੱਜ ਕਥਲੌਰ ਪੁਲ, ਕੋਲੀਆਂ ਅੱਡਾ, ਪੰਮਾ, ਸਿਓਂਟੀ ਤਰਫ ਅਤੇ ਨਰੋਟ ਜੈਮਲ ਸਿੰਘ ਦਾ ਦੌਰਾ ਕੀਤਾ। ਉਨਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਇਸ ਔਖੇ ਸਮੇਂ ‘ਚ ਲੋਕਾਂ ਨੂੰ ਰਾਹਤ ਸਮੱਗਰੀ ਪ੍ਰਦਾਨ ਕਰਨ ‘ਚ ਕੋਈ ਕਸਰ ਨਹੀਂ ਛੱਡੇਗੀ। ਉਨਾਂ ਧੁੱਸੀ ਡੈਮ ਦਾ ਵੀ ਦੌਰਾ ਕੀਤਾ ਹੈ। ਇਸ ਤੋਂ ਇਲਾਵਾਹਰਪਾਲ ਸਿੰਘ ਚੀਮਾ ਵੱਲੋਂ ਭੋਆ ਹਲਕੇ ਲਈ ਰਾਹਤ ਸਮੱਗਰੀ ਦੇ ਚਾਰ ਟਰੱਕ ਵੀ ਭੇਜੇ।

ਹੜ੍ਹਾਂ ਦੀ ਮਾਰ

ਕੈਬਨਿਟ ਮੰਤਰੀ ਅਤੇ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਮਕਰੋੜ ਸਾਹਿਬ ਨੇੜੇ ਘੱਗਰ ਅਤੇ ਜ਼ਿਲ੍ਹਾ ਸੰਗਰੂਰ ਦੇ ਸੁਨਾਮ ਦੇ ਸਰਹਿੰਦ ਚੋਅ ਦਾ ਦੌਰਾ ਕੀਤਾ। ਉਨਾਂ ਜ਼ਮੀਨੀ ਹਕੀਕਤਾਂ ਦਾ ਜਾਇਜਾ ਲਿਆ ਅਤੇ ਇਨਾਂ ਹੜ ਪ੍ਰਭਾਵਿਤ ਖੇਤਰਾਂ ‘ਚ ਰਹਿਣ ਵਾਲੇ ਲੋਕਾਂ ਦੀਆਂ ਜਰੂਰਤਾਂ ਦਾ ਮੁਲਾਂਕਣ ਕੀਤਾ।

ਇਸਦੇ ਨਾਲ ਹੀ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸੁਲਤਾਨਪੁਰ ਲੋਧੀ ਤਹਿਸੀਲ ਦੇ ਪਿੰਡ ਮੰਡ ਇੰਦਰਪੁਰ ਅਤੇ ਭੜੋਆਣਾ ਦਾ ਦੌਰਾ ਕੀਤਾ ਅਤੇ ਹੜ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਹੜ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ।

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਸਸਰਾਲੀ ਕਲੋਨੀ ਨੇੜੇ ਸਤਲੁਜ ਦਰਿਆ ਧੁੱਸੀ ਬੰਨ੍ਹ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਪੇਂਡੂ ਵਿਕਾਸ ਅਤੇ ਪੰਚਾਇਤਾਂ, ਕਿਰਤ ਅਤੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਕੈਬਨਿਟ ਮੰਤਰੀ, ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਦੇ ਗਬ ਪੁਲ ਦਾ ਦੌਰਾ ਕੀਤਾ ਅਤੇ ਪਾਣੀ ਦੀ ਨਿਕਾਸੀ ਦਾ ਨਿਰੀਖਣ ਕੀਤਾ।

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅਜਨਾਲਾ ਅਤੇ ਰਾਮਦਾਸ ਵਰਗੇ ਹੜ ਪ੍ਰਭਾਵਿਤ ਖੇਤਰਾਂ ‘ਚ ਸਹਾਇਤਾ ਪ੍ਰਦਾਨ ਕਰਨ ਲਈ ਰਾਹਤ ਸਮੱਗਰੀ ਦੀਆਂ 15 ਟਰਾਲੀਆਂ, ਖਾਣ-ਪੀਣ ਦੀਆਂ ਚੀਜ਼ਾਂ, ਦਵਾਈਆਂ, ਜਾਨਵਰਾਂ ਲਈ ਚਾਰਾ ਲੈ ਕੇ ਜਾਣ ਵਾਲੇ 10 ਛੋਟੇ ਵਾਹਨਾਂ ਦਾ ਪ੍ਰਬੰਧ ਕੀਤਾ ਹੈ।

ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਮਚੁਰਾਸੀ ਵਿਧਾਨ ਸਭਾ ਹਲਕੇ ਦੇ ਪਿੰਡ ਪੰਡੋਰੀ ਖਜੂਰ ਦਾ ਦੌਰਾ ਕੀਤਾ ਅਤੇ ਹੜ ਪ੍ਰਭਾਵਿਤ ਖੇਤਰਾਂ ਅਤੇ ਉਨ੍ਹਾਂ ਲਈ ਕੀਤੇ ਜਾ ਰਹੇ ਜਰੂਰੀ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਿੰਡ ਬੇਦੀ ਛੰਨਾ ਦਾ ਦੌਰਾ ਕੀਤਾ ਅਤੇ ਮੈਡੀਕਲ ਕੈਂਪ ਦਾ ਨਿਰੀਖਣ ਕਰਨ ਲਈ ਪਿੰਡ ਦੇ ਗੁਰੂਦੁਆਰਾ ਸਾਹਿਬ ਗਏ ਅਤੇ ਲੋਕਾਂ ਨੂੰ ਰਾਹਤ ਸਮੱਗਰੀ ਵੀ ਵੰਡੀ। ਉਨਾਂ ਨੇ ਹੜ ਪ੍ਰਭਾਵਿਤ ਇਲਾਕਿਆਂ ਅਜਨਾਲਾ ਅਤੇ ਰਮਦਾਸ ‘ਚ ਲੋਕਾਂ ਨੂੰ ਨਿਰਵਿਘਨ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਤੋਂ 23 ਐਂਬੂਲੈਂਸਾਂ ਭੇਜੀਆਂ ਹਨ। ਇਸ ਦੌਰਾਨ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਸਨ।

ਪੰਜਾਬ ਦੇ ਜੇਲ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਹਰੀਕੇ ਪੱਤਣ (ਜ਼ਿਲਾ ਤਰਨਤਾਰਨ) ਅਤੇ ਜੱਲੋਕੇ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਸਥਿਤੀ ਅਤੇ ਨੁਕਸਾਨ ਦਾ ਜਾਇਜ਼ਾ ਲਿਆ। ਉਨਾਂ ਨੇ ਲੋੜਵੰਦ ਲੋਕਾਂ ਨੂੰ ਭੋਜਨ ਕਿੱਟਾਂ, ਪਾਣੀ, ਰਾਸ਼ਨ ਆਦਿ ਰਾਹਤ ਸਮੱਗਰੀ ਵੰਡੀ ਅਤੇ ਜਾਨਵਰਾਂ ਲਈ ਚਾਰਾ, ਤੂੜੀ ਅਤੇ ਫ਼ੀਡ ਦਾ ਪ੍ਰਬੰਧ ਵੀ ਕੀਤਾ।

Read More: CM ਭਗਵੰਤ ਮਾਨ ਨੇ ਟਾਂਡਾ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

Scroll to Top