ਚੰਡੀਗੜ੍ਹ, 02 ਨਵੰਬਰ 2024: ਅੱਜ ਲੁਧਿਆਣਾ (Ludhiana) ਵਿਖੇ ਬਾਬਾ ਵਿਸ਼ਵਕਰਮਾ ਜੀ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ | ਇਹ ਪ੍ਰੋਗਰਾਮ ਅੱਜ ਬਾਬਾ ਵਿਸ਼ਵਕਰਮਾ ਭਵਨ, ਜੀ.ਟੀ ਰੋਡ, ਮਿਲਰਗੰਜ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ‘ਚ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰ ਮਾਮਲੇ, ਨਿਵੇਸ਼ ਪ੍ਰੋਤਸਾਹਨ, ਕਿਰਤ, ਪਰਾਹੁਣਾਚਾਰੀ, ਉਦਯੋਗ ਅਤੇ ਵਣਜ, ਪੇਂਡੂ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ (Tarunpreet Singh Sond) ਵੀ ਸ਼ਾਮਲ ਹੋਣਗੇ |
ਇਸ ਸਮਾਗਮ ‘ਚ ਕਈ ਕਾਰੋਬਾਰੀ ਹਾਜ਼ਰ ਹੋਣਗੇ ਅਤੇ ਪ੍ਰੋਗਰਾਮ ਸਵੇਰੇ 11.30 ਵਜੇ ਸ਼ੁਰੂ ਹੋਵੇਗਾ। ਜਿਸ ਤੋਂ ਬਾਅਦ ਪੰਜਾਬ ਕੈਬਿਨਟ ਮੰਤਰੀ ਤਰੁਣਪ੍ਰੀਤ ਸੋਂਧ ਸੰਬੋਧਨ ਕਰਨਗੇ। ਜਿਕਰਯੋਗ ਹੈ ਕਿ ਖੰਨਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਆਮ ਵਰਕਰ ਦੇ ਤੌਰ ‘ਤੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਸਨ। ਹਾਲ ਹੀ ‘ਚ ਉਨ੍ਹਾਂ (Tarunpreet Singh Sond) ਨੂੰ ਪੰਜਾਬ ਸਰਕਾਰ ‘ਚ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਕਿਹਾ ਜਾਂਦੇ ਕਿ ਅੰਨਾ ਹਜ਼ਾਰੇ ਅੰਦੋਲਨ ਤੋਂ ਬਾਅਦ ਸੌਂਧ ਨੇ ਅਰਵਿੰਦ ਕੇਜਰੀਵਾਲ ਦੁਆਰਾ ਲਿਖੀ ਕਿਤਾਬ ਸਵਰਾਜ ਪੜ੍ਹ ਕੇ ਰਾਜਨੀਤੀ ‘ਚ ਆਉਣ ਦਾ ਫੈਸਲਾ ਕੀਤਾ ਸੀ।
ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਗਵਾਨ ਵਿਸ਼ਵਕਰਮਾ ਦੇ ਪ੍ਰਕਾਸ਼ ਉਤਸਵ ਮੌਕੇ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀਆਂ। ਵਿਸ਼ਵਕਰਮਾ ਦਿਵਸ ਦੇ ਮੌਕੇ ‘ਤੇ ਆਪਣੇ ਸੰਦੇਸ਼ ‘ਚ ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚੇ ਬ੍ਰਹਿਮੰਡ ਦੇ ਸਿਰਜਣਹਾਰ ਭਗਵਾਨ ਵਿਸ਼ਵਕਰਮਾ ਸਮੁੱਚੀ ਮਸ਼ੀਨਰੀ ਅਤੇ ਵਰਤੋਂ ‘ਚ ਆਉਣ ਵਾਲੇ ਸੰਦਾਂ ਦੇ ਮਾਹਰ ਸਨ ਅਤੇ ਉਨ੍ਹਾਂ ਨੂੰ ਸਾਰੀਆਂ ਮਸ਼ੀਨਾਂ ਦਾ ਨਿਰਮਾਤਾ ਮੰਨਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੀ ਰਚਨਾ ਨੇ ਭਾਰਤੀ ਦਸਤਕਾਰਾਂ, ਕਾਰੀਗਰਾਂ ਅਤੇ ਮਜ਼ਦੂਰਾਂ ‘ਚ ਸੱਚੀ ਅਤੇ ਪਵਿੱਤਰ ਮਿਹਨਤ ਦੀ ਭਾਵਨਾ ਨੂੰ ਜਨਮ ਦਿੱਤਾ। ਭਗਵੰਤ ਮਾਨ ਨੇ ਕਾਰੀਗਰਾਂ ਅਤੇ ਕਿਰਤੀਆਂ ਨੂੰ ਸੱਦਾ ਦਿੱਤਾ ਕਿ ਉਹ ਸਾਡੇ ਸੂਬੇ ਅਤੇ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਹੋਰ ਮਿਹਨਤ ਅਤੇ ਲਗਨ ਨਾਲ ਆਪਣਾ ਵੱਡਮੁੱਲਾ ਯੋਗਦਾਨ ਪਾਉਣ, ਜੋ ਕਿ ਭਗਵਾਨ ਵਿਸ਼ਵਕਰਮਾ ਨੂੰ ਸੱਚੀ ਅਤੇ ਪਵਿੱਤਰ ਸ਼ਰਧਾਂਜਲੀ ਹੋਵੇਗੀ।