Taranpreet Singh Sond

ਕੈਬਿਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਵੱਲੋਂ ਕਮੇਡੀਅਨ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਭੇਂਟ

ਮੋਹਾਲੀ, 23 ਅਗਸਤ 2025: ਅੱਜ ਕਮੇਡੀਅਨ ਜਸਵਿੰਦਰ ਭੱਲਾ ਦੇ ਅੰਤਿਮ ਸਸਕਾਰ ‘ਤੇ ਪੰਜਾਬ ਦੇ ਕੈਬਿਨਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਸਤਬੀਰ ਸਿੰਘ ਗੋਸਲ ਅਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਨਗਰ ਨਿਗਮ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਸਮੇਤ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ |

ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਕਮੇਡੀਅਨ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਜਸਵਿੰਦਰ ਭੱਲਾ ਇੱਕ ਬੇਹਤਰੀਨ ਇਨਸਾਨ ਅਤੇ ਪੰਜਾਬੀਆਂ ਦਾ ਮਾਣ ਸਨ। ਉਨ੍ਹਾਂ ਕਿਹਾ ਕਿ ਭੱਲਾ ਨੇ ਸਭਨਾਂ ਦੇ ਚਿਹਰੇ ਉੱਤੇ ਸਦਾ ਹਾਸਾ ਲਿਆਂਦਾ ਹੈ। ਸੌਂਦ ਨੇ ਭੱਲਾ ਵੱਲੋਂ ਨਿਭਾਈ ਚਾਚਾ ਚਤਰਾ ਦੀ ਭੂਮਿਕਾ ਨੂੰ ਯਾਦ ਕਰਦਿਆਂ ਕਿਹਾ ਕਿ “ਤੁਸੀਂ, ਤੁਹਾਡੇ ਬੋਲ ਅਤੇ ਅਦਾਕਾਰੀ ਸਾਨੂੰ ਸਦਾ ਯਾਦ ਰਹਿਣਗੇ।”

ਉਨ੍ਹਾਂ ਕਿਹਾ ਕਿ ਭੱਲਾ ਦੇ ਤੁਰ ਜਾਣ ਨਾਲ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਆਖਿਆ ਕਿ ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ ਅਤੇ ਨੀਲੂ ਦੀ ਤਿੱਕੜੀ ਵੱਲੋਂ ਪੇਸ਼ ਕੀਤੀਆਂ ਵੱਖ ਵੱਖ ਛਣਕਾਟਾ ਵੀਡੀਓਜ਼ ਹਮੇਸ਼ਾਂ ਯਾਦ ਰੱਖੀਆਂ ਜਾਣਗੀਆਂ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਪੀ ਏ ਯੂ ਨੂੰ ਹਮੇਸ਼ਾਂ ਆਪਣੇ ਵਿਦਿਆਰਥੀ/ਅਧਿਆਪਕ ਤੇ ਮਾਣ ਰਹੇਗਾ, ਜਿਸ ਨੇ ਸਮੁੱਚੇ ਗਲੋਬ ਚ ਆਪਣੀ ਕਮੇਡੀ ਅਤੇ ਵਿਅੰਗਾਤਮਕ ਟਕੋਰਾਂ ਰਾਹੀਂ ਮਾਣਮੱਤੇ ਪੰਜਾਬੀ ਵਜੋਂ ਨਿਵੇਕਲੀ ਸ਼ੈਲੀ ਵਾਲੀ ਪਛਾਣ ਬਣਾਈ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਨਗਰ ਨਿਗਮ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਸਮੇਤ ਪੁਸ਼ਪ ਮਾਲਾ ਅਰਪਿਤ ਕਰਦਿਆਂ ਕਿਹਾ ਕਿ ਸਵਰਗੀ ਜਸਵਿੰਦਰ ਭੱਲਾ ਵੱਲੋਂ ਬਤੌਰ ਕਮੇਡੀਅਨ ਸਥਾਪਿਤ ਕੀਤੀ ਪਛਾਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਇਸ ਦੌਰਾਨ ਯੂਕੇ ਤੋਂ ਐਮ ਪੀ ਤਨਮਨਜੀਤ ਸਿੰਘ ਢੇਸੀ, ਐਮ.ਐਲ ਏ ਕੁਲਵੰਤ ਸਿੰਘ, ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਅਤੇ ਜਸਵਿੰਦਰ ਭੱਲਾ ਦੇ ਪੁਰਾਣੇ ਸਾਥੀ ਬਾਲ ਮੁਕੰਦ ਸ਼ਰਮਾ, ਡੀ ਆਈ ਜੀ ਰੂਪਨਗਰ ਰੇਂਜ ਹਰਚਰਨ ਸਿੰਘ ਭੁੱਲਰ, ਨਾਮੀਂ ਗਾਇਕ ਕਲਾਕਾਰਾਂ ਤੇ ਅਦਾਕਾਰਾਂ ‘ਚ ਮੁਹੰਮਦ ਸਦੀਕ, ਹੰਸ ਰਾਜ ਹੰਸ, ਗਿੱਪੀ ਗਰੇਵਾਲ, ਜਸਬੀਰ ਜੱਸੀ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਅਮਰ ਨੂਰੀ, ਮਲਕੀਤ ਸਿੰਘ ਰੌਣੀ, ਬੀ ਐਨ ਸ਼ਰਮਾ ਆਦਿ ਮੌਜੂਦ ਸਨ।

Read More: ਕਾਮੇਡੀ ਕਿੰਗ ਜਸਵਿੰਦਰ ਭੱਲਾ ਦਾ ਅੱਜ ਮੋਹਾਲੀ ‘ਚ ਹੋਵੇਗਾ ਅੰਤਿਮ ਸਸਕਾਰ

Scroll to Top