ਚੰਡੀਗੜ੍ਹ/ਅਮਲੋਹ, 21 ਅਗਸਤ 2025: ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀ ਤੇ ਬਾਗ਼ਬਾਨੀ ਮੰਤਰੀ ਮੋਹਿੰਦਰ ਭਗਤ ਸ਼੍ਰੀਨਗਰ ਦੇ ਕੁਲਗਾਮ ਜ਼ਿਲ੍ਹੇ ‘ਚ ਸ਼ਹੀਦ ਹੋਏ ਭਾਰਤੀ ਫ਼ੌਜ ਦੇ ਬਹਾਦਰ ਸਿਪਾਹੀ ਸਵ. ਹਰਮਿੰਦਰ ਸਿੰਘ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਸ਼ਾਮਲ ਹੋ ਕੇ ਪੰਜਾਬ ਸਰਕਾਰ ਵੱਲੋਂ ਸ਼ਰਧਾਂਜਲੀ ਭੇਟ ਕੀਤੀ |
ਇਸ ਦੌਰਾਨ ਮੋਹਿੰਦਰ ਭਗਤ ਨੇ ਸ਼ਹੀਦ ਹਰਮਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼ਹੀਦ ਦੀ ਬਹਾਦਰੀ ਨੂੰ ਸਲਾਮ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕਰਦੀ ਹੈ ਓਥੇ ਨਾਲ ਸ਼ਹੀਦਾਂ ਦੇ ਪਰਿਵਾਰਾਂ ਦੀ ਆਰਥਿਕ ਮੱਦਦ ਲਈ ਵੀ ਵਚਨਬੱਧ ਹੈ।
ਇਸ ਦੌਰਾਨ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਹਰਮਿੰਦਰ ਸਿੰਘ ਦੇ ਪਰਿਵਾਰ ਲਈ ਇੱਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ | ਜਿਸ ਤਹਿਤ ਸ਼ਹੀਦ ਪਰਿਵਾਰ ਨੂੰ 6 ਲੱਖ ਰੁਪਏ ਦਾ ਚੈੱਕ ਸੌਂਪਿਆ ਹੈ ਅਤੇ ਦਸਤਾਵੇਜ਼ੀ ਪ੍ਰਕਿਰਿਆ ਪੂਰੀ ਹੋਣ ਮਗਰੋਂ, ਪੰਜਾਬ ਸਰਕਾਰ ਵੱਲੋਂ ਛੇਤੀ ਹੀ ਪਰਿਵਾਰ ਨੂੰ ਬਾਕੀ ਦੇ 94 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੀ ਪ੍ਰਦਾਨ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਭਰਾ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ ਤਾਂ ਕਿ ਭਵਿੱਖ ‘ਚ ਵੀ ਇਹ ਪਰਿਵਾਰ ਵਿੱਤੀ ਤੌਰ ‘ਤੇ ਸੁਰੱਖਿਅਤ ਰਹੇ। ਮੰਤਰੀ ਨੇ ਕਿਹਾ ਕਿ 28 ਸਾਲਾਂ ਦੇ ਸ਼ਹੀਦ ਹਰਮਿੰਦਰ ਸਿੰਘ ਦੀ ਸ਼ਹਾਦਤ ਨਾਲ, ਨਾ ਕੇਵਲ ਮਾਪਿਆਂ ਤੇ ਪਿੰਡ ਵਾਸੀਆਂ, ਬਲਕਿ ਸਾਰੇ ਪੰਜਾਬੀਆਂ ਤੇ ਦੇਸ਼ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ।
ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸ਼ਹੀਦ ਦੇ ਪਿਤਾ ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਤੇ ਪੰਜਾਬ ਸਰਕਾਰ ਦੀ ਤਰਫੋ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਹਰ ਸੁੱਖ ਦੁੱਖ ਦੀ ਘੜੀ ‘ਚ ਪਰਿਵਾਰ ਨਾਲ ਖੜ੍ਹੀ ਹੈ।
ਇਸ ਮੌਕੇ ਵਿਧਾਇਕ ਅਮਲੋਹ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਫੌਜੀ ਜਵਾਨ ਮੁਸ਼ਕਿਲ ਤੋਂ ਮੁਸਕਿਲ ਹਾਲਾਤਾਂ ‘ਚ ਵੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ ਜਿਨ੍ਹਾਂ ਸਦਕਾ ਹੀ ਅਸੀਂ ਸਾਰੇ ਆਰਾਮ ਦੀ ਨੀਂਦ ਸੌਂਦੇ ਹਾਂ।
Read More: ਰਾਜ ਮਲਹੋਤਰਾ ਤੋਂ ਮੁਫ਼ਤ ਕੋਚਿੰਗ ਲੈਣ ਲਈ 500 ਤੋਂ ਵੱਧ ਵਿਦਿਆਰਥੀਆਂ ਨੇ ਲਿਆ ਦਾਖਲਾ: ਕੁਲਤਾਰ ਸਿੰਘ ਸੰਧਵਾਂ