July 2, 2024 9:31 pm
Meet Hayer

ਕੈਬਿਨਟ ਮੰਤਰੀ ਮੀਤ ਹੇਅਰ ਨੇ ਪੀ.ਐਸ.ਸੀ.ਐਸ.ਟੀ. ਦੇ ਡੇਟਾ ਪੋਰਟਲ ਲਾਂਚ ਦੀ ਕੀਤੀ ਸ਼ਲਾਘਾ

ਚੰਡੀਗੜ੍ਹ, 24 ਜਨਵਰੀ 2023: ਪੰਜਾਬ ਦੇ ਸਾਇੰਸ ਅਤੇ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਦੇਸ਼ ਦਾ ਆਪਣੀ ਕਿਸਮ ਦਾ ਪਹਿਲਾ ਸੂਬਾ ਪੱਧਰੀ ਸਾਇੰਸ, ਤਕਨਾਲੋਜੀ ਇਨੋਵੇਸ਼ਨ (ਐਸ.ਟੀ.ਆਈ.) ਡਾਟਾ ਪੋਰਟਲ ਲਾਂਚ ਕਰਨ ਲਈ ਪੰਜਾਬ ਸਟੇਟ ਸਾਇੰਸ ਅਤੇ ਤਕਨਾਲੋਜੀ ਕੌਂਸਲ (PSCST) ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਹ ਡਾਟਾ ਪੋਰਟਲ ਪੀ.ਐਸ.ਸੀ.ਐਸ.ਟੀ. ਵੱਲੋਂ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ ਹੈ।

ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਖੋਜ ਨੂੰ ਹੁਲਾਰਾ ਦੇਣ ਲਈ ਵਿਗਿਆਨ ਅਤੇ ਤਕਨਾਲੋਜੀ ਦੇ ਮੁੱਖ ਖੇਤਰ ਵਿੱਚ ਨਵੀਨਤਮ ਤਕਨੀਕੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪੋਰਟਲ ਇੱਕੋ ਪਲੇਟਫਾਰਮ ‘ਤੇ ਸੂਬੇ ਦੇ ਐਸ.ਟੀ.ਆਈ. ਈਕੋਸਿਸਟਮ ਸਬੰਧੀ ਸਮੁੱਚੀ ਜਾਣਕਾਰੀ ਪ੍ਰਦਾਨ ਕਰਦਾ ਹੈ।

ਇਹ ਪੋਰਟਲ ਸੂਬੇ ਵਿੱਚ ਬੁਨਿਆਦੀ ਢਾਂਚੇ, ਸਹੂਲਤਾਂ, ਸਾਜ਼ੋ-ਸਾਮਾਨ, ਖੋਜ ਮੁਹਾਰਤ, ਇਨਕਿਊਬੇਸ਼ਨ ਅਤੇ ਐਕਸੀਲੀਰੇਸ਼ਨ ਸਪੇਸਿਸ, ਵੱਖ-ਵੱਖ ਸੰਸਥਾਵਾਂ/ਸੰਗਠਨਾਂ ਕੋਲ ਉਪਲਬਧ ਤਕਨਾਲੋਜੀਆਂ ਦੇ ਵਿਆਪਕ ਸਰੋਤਾਂ ਬਾਰੇ ਜਾਣਕਾਰੀ ਤੱਕ ਪਹੁੰਚ ਵੀ ਪ੍ਰਦਾਨ ਕਰਦਾ ਹੈ, ਜਿਸਦੀ ਵਰਤੋਂ ਸੂਬੇ ਦੇ ਅੰਦਰ ਅਤੇ ਬਾਹਰ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਉਦਯੋਗ ਵੱਲੋਂ ਕੀਤੀ ਜਾ ਸਕਦੀ ਹੈ।

ਇਹ ਪੋਰਟਲ ਭਾਰਤ ਸਰਕਾਰ ਵੱਲੋਂ ਆਯੋਜਿਤ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਵਿੱਚ ਸਟੇਟ ਸਾਇੰਸ ਅਤੇ ਤਕਨਾਲੋਜੀ ਕੌਂਸਲਾਂ ਦੇ ਸੰਮੇਲਨ ਦੌਰਾਨ ਭਾਰਤ ਸਰਕਾਰ ਦੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਸਲਾਹਕਾਰ ਡਾ. ਦੇਬਾਪ੍ਰਿਆ ਦੱਤਾ ਵੱਲੋਂ ਲਾਂਚ ਕੀਤਾ ਗਿਆ। ਡਾ. ਦੱਤਾ ਨੇ ਪੰਜਾਬ ਨੂੰ ਪੋਰਟਲ ਵਿਕਸਤ ਕਰਨ ਵਾਲਾ ਪਹਿਲਾ ਸੂਬਾ ਬਣਾਉਣ ਲਈ ਪੀ.ਐਸ.ਸੀ.ਐਸ.ਟੀ. ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਦੱਸਿਆ ਕਿ ਪੀ.ਐਸ.ਸੀ.ਐਸ.ਟੀ. ਇੱਕ ਮਾਡਲ ਐਸ.ਐਂਡ.ਟੀ. ਕੌਂਸਲ ਵਜੋਂ ਉਭਰੀ ਹੈ, ਇਸ ਲਈ ਇਸਨੂੰ ਸਟੇਟ ਐਸ.ਟੀ.ਆਈ. ਡਾਟਾ ਫਰੇਮਵਰਕ ਦੇ ਨਾਲ-ਨਾਲ ਪੋਰਟਲ ਨੂੰ ਵਿਕਸਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਇਸ ਪੋਰਟਲ ਦੀ ਤਰਜ਼ ‘ਤੇ ਦੇਸ਼ ਦੇ ਹੋਰਨਾਂ ਸੂਬਿਆਂ ਵੱਲੋਂ ਵੀ ਇਸ ਨੂੰ ਵਿਕਸਿਤ ਕੀਤਾ ਜਾਵੇਗਾ।

ਡਾ. ਜਤਿੰਦਰ ਕੌਰ ਅਰੋੜਾ, ਕਾਰਜਕਾਰੀ ਡਾਇਰੈਕਟਰ, ਪੀ.ਐਸ.ਸੀ.ਐਸ.ਟੀ. ਨੇ ਡਾਟਾ ਪੋਰਟਲ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਇੱਕ ਸੰਖੇਪ ਪੇਸ਼ਕਾਰੀ ਦਿੱਤੀ। ਉਹਨਾਂ ਦੱਸਿਆ ਕਿ ਪੰਜਾਬ ਦਾ ਐਸ.ਟੀ.ਆਈ. ਈਕੋਸਿਸਟਮ ਤਿਆਰ ਕਰਨ ਅਤੇ ਇਸ ਦੇ ਮਜ਼ਬੂਤੀਕਰਨ ਲਈ ਇਹ ਪਹਿਲਕਦਮੀ ਕੀਤੀ ਗਈ।

ਮਾਡਲ ਐਸ.ਟੀ.ਆਈ. ਡਾਟਾ ਆਰਕੀਟੈਕਚਰ ਫਰੇਮਵਰਕ ਨੂੰ ਲਗਭਗ 50 ਐਸ.ਟੀ.ਆਈ. ਸੂਚਕਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਸ ਲਈ ਸੂਬੇ ਦੇ ਸਾਰੇ ਸਬੰਧਤ ਭਾਈਵਾਲਾਂ ਜਿਵੇਂ ਖੋਜ ਸੰਸਥਾਵਾਂ, ਵਿਗਿਆਨਕ ਸੰਸਥਾਵਾਂ, ਯੂਨੀਵਰਸਿਟੀਆਂ, ਵਿਕਾਸ ਵਿਭਾਗਾਂ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ।

ਡਾ: ਰਸ਼ਮੀ ਸ਼ਰਮਾ, ਵਿਗਿਆਨੀ ਐਫ, ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਨੇ ਦੱਸਿਆ ਕਿ ਡੀ.ਐਸ.ਟੀ., ਭਾਰਤ ਸਰਕਾਰ ਪੰਜਾਬ ਦੇ ਨਾਲ-ਨਾਲ ਕੁਝ ਹੋਰ ਸੂਬਿਆਂ ਵਿੱਚ ਐਸ.ਟੀ.ਆਈ. ਡਾਟਾ ਸੈਂਟਰਾਂ ਦੀ ਸਥਾਪਨਾ ਵਿੱਚ ਸਹਾਇਤਾ ਕਰਕੇ ਇਸ ਪਹਿਲਕਦਮੀ ਨੂੰ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ ਪੰਜਾਬ ਵੱਲੋਂ ਵਿਕਸਤ ਕੀਤੇ ਮਾਡਲ ਨੂੰ ਅਪਣਾਉਣਗੇ।

ਪੀ.ਐਸ.ਸੀ.ਐਸ.ਟੀ. ਦੇ ਜੁਆਇੰਟ ਡਾਇਰੈਕਟਰ ਡਾ. ਦਪਿੰਦਰ ਬਖਸ਼ੀ ਨੇ ਦੱਸਿਆ ਕਿ ਪੋਰਟਲ ਸੈਂਟਰ ਫਾਰ ਟੈਕਨਾਲੋਜੀ, ਇਨੋਵੇਸ਼ਨ ਐਂਡ ਇਕਨਾਮਿਕ ਰਿਸਰਚ, ਪੁਣੇ ਅਤੇ ਸੀਡੈਕ ਮੋਹਾਲੀ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ।ਇਸ ਪੋਰਟਲ ਦੇ ਲਾਂਚ ਈਵੈਂਟ ਵਿੱਚ ਸੂਬੇ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੇ ਮੁਖੀਆਂ ਦੇ ਨਾਲ-ਨਾਲ ਦੇਸ਼ ਭਰ ਦੀਆਂ ਵਿਗਿਆਨ ਅਤੇ ਤਕਨਾਲੋਜੀ ਕੌਂਸਲਾਂ ਦੇ ਮੁਖੀਆਂ ਨੇ ਵਿਅਕਤੀਗਤ/ਵਰਚੁਅਲ ਤੌਰ ‘ਤੇ ਸ਼ਿਰਕਤ ਕੀਤੀ।