Harjot Singh Bains

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੇਂਦਰੀ ਮੰਤਰੀ ਨੂੰ 5 ਨਵੇਂ ਪੁਲ ਬਣਾਉਣ ਦੀ ਮੰਗ

ਚੰਡੀਗੜ੍ਹ, 24 ਦਸੰਬਰ 2024: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕਾ ਅਨੰਦਪੁਰ ਸਾਹਿਬ ਦੇ ਵਿਧਾਇਕ ਹਰਜੋਤ ਸਿੰਘ ਬੈਂਸ (Harjot Singh Bains) ਵੱਲੋਂ ਬੀਤੇ ਦਿਨੀ ਕੇਂਦਰੀ ਕੈਬਨਿਟ ਮੰਤਰੀ ਮਨੋਹਰ ਲਾਲ ਖੱਟਰ ਨੂੰ ਪੱਤਰ ਲਿਖ ਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਅਧੀਨ ਆਉਂਦੇ ਦਰਿਆਵਾਂ ‘ਤੇ 5 ਨਵੇਂ ਪੁਲ ਬਣਾਉਣ ਦੀ ਅਪੀਲ ਕੀਤੀ ਗਈ ਹੈ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਵਸਨੀਕਾਂ ਖਾਸ ਕਰਕੇ ਨੰਗਲ, ਕੀਰਤਪੁਰ ਸਾਹਿਬ ਅਤੇ ਆਨੰਦਪੁਰ ਸਾਹਿਬ ਜੋ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰ ਖੇਤਰ ‘ਚ ਆਉਂਦੇ ਹਨ, ਉਨ੍ਹਾਂ ਨੂੰ ਸੜਕੀ ਸੰਪਰਕ ਨਾ ਹੋਣ ਕਾਰਨ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਬੈਂਸ (Harjot Singh Bains) ਨੇ ਕਿਹਾ ਕਿ ਇਨ੍ਹਾਂ ਨਵੇਂ ਪੁਲਾਂ ਦੇ ਨਿਰਮਾਣ ਨਾਲ ਨਾ ਸਿਰਫ਼ ਸੜਕੀ ਸੰਪਰਕ ‘ਚ ਸੁਧਾਰ ਹੋਵੇਗਾ ਸਗੋਂ ਖੇਤਰ ਦੇ ਸਰਬਪੱਖੀ ਵਿਕਾਸ ਅਤੇ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ।

ਮੰਤਰੀ ਹਰਜੋਤ ਸਿੰਘ ਬੈਂਸ ਨੇ ਕੇਂਦਰੀ ਮੰਤਰੀ ਤੋਂ ਸਰਸਾ-ਨੰਗਲ ’ਤੇ ਪੁਲ ਬਣਾਉਣ, ਬ੍ਰਹਮਪੁਰ ​​ਤੇ ਡਰੋਲੀ ’ਚ 60 ਸਾਲ ਪੁਰਾਣੇ ਪੁਲਾਂ ਦੀ ਮੁੜ ਉਸਾਰੀ, ਅਟਾਰੀ ਤੇ ਨਾਲ ਲੱਗਦੇ ਪਿੰਡਾਂ ਲਈ ਪੁਲ ਤੇ ਪਿੰਡ ਭਾਓਵਾਲ ਲਈ ਪੁਲ ਬਣਾਉਣ ਦੀ ਮੰਗ ਕੀਤੀ ਹੈ । ਮੰਤਰੀ ਨੇ ਕਿਹਾ ਕਿ ਇਨ੍ਹਾਂ ਪੁਲਾਂ ਦੀ ਉਸਾਰੀ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਹ ਇਤਿਹਾਸਕ ਮਹੱਤਵ ਵਾਲੇ ਖੇਤਰਾਂ ‘ਚ ਤਰੱਕੀ ਅਤੇ ਖੁਸ਼ਹਾਲੀ ਦਾ ਰਾਹ ਪੱਧਰਾ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪੁਰਖਿਆਂ ਨੇ ਉਨ੍ਹਾਂ ਦੀ ਮਾਤਾ ਵਾਂਗ ਭਾਖੜਾ ਨੰਗਲ ਡੈਮ, ਨਹਿਰਾਂ ਅਤੇ ਬਿਜਲੀ ਘਰ ਦੀ ਸਥਾਪਨਾ ਲਈ ਕੀਮਤੀ ਜ਼ਮੀਨ ਦਾਨ ਕੀਤੀ ਸੀ। ਭਾਖੜਾ ਡੈਮ ਨੇ ਆਧੁਨਿਕ ਭਾਰਤ ਦੇ ਵਿਕਾਸ ‘ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ ਨੂੰ “ਆਧੁਨਿਕ ਭਾਰਤ ਦਾ ਮੰਦਰ” ਕਹਿ ਕੇ ਪ੍ਰਸੰਸਾ ਕੀਤੀ ਸੀ।

ਹਰਜੋਤ ਸਿੰਘ ਬੈਂਸ ਨੇ ਆਪਣੇ ਪੱਤਰ ‘ਚ ਲਿਖਿਆ ਹੈ ਕਿ 60 ਸਾਲ ਪਹਿਲਾਂ ਉਸ ਦੌਰ ‘ਚ ਬਣੇ ਇਸ ਡੈਮ ਦਾ ਬੁਨਿਆਦੀ ਢਾਂਚਾ ਕਾਫੀ ਖ਼ਰਾਬ ਹੋ ਚੁੱਕਾ ਹੈ ਅਤੇ ਇਸ ਦੇ ਮੁੜ ਨਿਰਮਾਣ ਲਈ ਕੋਈ ਅਹਿਮ ਪਹਿਲਕਦਮੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਉਹ ਪਵਿੱਤਰ ਧਰਤੀ ਹੈ ਜਿੱਥੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਇਸ ਦੇ ਨਾਲ ਹੀ ਇਸ ਪਵਿੱਤਰ ਧਰਤੀ ਨੂੰ ਮਾਤਾ ਨੈਣਾ ਦੇਵੀ ਅਤੇ ਹੋਰ ਕਈ ਮੰਦਰਾਂ ਦੀ ਪਵਿੱਤਰ ਧਰਤੀ ਹੋਣ ਦਾ ਵਰਦਾਨ ਵੀ ਪ੍ਰਾਪਤ ਹੈ।

Read More: Punjab Weather: ਬਾਰਿਸ਼ ਕਾਰਨ ਵਧੀ ਠੰਡ, ਕਈ ਥਾਵਾਂ ‘ਤੇ ਪਿਆ ਕੋਹਰਾ

Scroll to Top