ਬਠਿੰਡਾ, 15 ਮਾਰਚ 2024: ਆਮ ਆਦਮੀ ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ (Lok Sabha elections) ਨੂੰ ਲੈ ਕੇ ਪੰਜਾਬ ਦੀਆਂ 13 ਸੀਟਾਂ ਵਿੱਚੋਂ ਅੱਠ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਬਠਿੰਡਾ ਲੋਕ ਸਭਾ ਸੀਟ ਤੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ | ਟਿਕਟ ਮਿਲਣ ਉਪਰੰਤ ਬਠਿੰਡਾ ਵਿਖੇ ਪਹਿਲੀ ਵਾਰ ਪਹੁੰਚੇ ਗੁਰਮੀਤ ਸਿੰਘ ਖੁੱਡੀਆਂ ਨੇ ਵਿਰੋਧੀਆਂ ਤੇ ਤੰਜ ਕਸਦੇ ਹੋਏ ਕਿਹਾ ਕਿ ਉਨ੍ਹਾ ਦਾ ਮੁਕਾਬਲਾ ਪਹਿਲਾਂ ਵੀ ਬਾਦਲ ਪਰਿਵਾਰ ਨਾਲ ਸੀ ਅਤੇ ਹੁਣ ਵੀ ਬਾਦਲ ਪਰਿਵਾਰ ਨਾਲ ਹੈ।
ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪਾਰਟੀ ਦੇ ਨਿਮਾਣੇ ਵਰਕਰ ਵਜੋਂ ਲੋਕਾਂ ਵਿੱਚ ਵਿਚਰ ਰਹੇ ਹਨ ਅਤੇ ਲੋਕਾਂ ਦੇ ਕੰਮਕਾਰ ਕਰ ਰਹੇ ਹਨ | ਉਹਨਾਂ ਦੇ ਕੰਮਕਾਰ ਨੂੰ ਵੇਖਦੇ ਹੋਏ ਹੀ ਲੋਕਾਂ ਵੱਲੋਂ ਮੁੜ ਉਹਨਾਂ ਨੂੰ ਸਫਲਤਾ ਦਿੱਤੀ ਜਾਵੇਗੀ | ਕਿਸਾਨਾਂ ਦੇ ਮੁੱਦੇ ‘ਤੇ ਬੋਲਦਿਆਂ ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਕਾਰਜ ਕੀਤੇ ਗਏ ਹਨ ਪਰ ਕੇਂਦਰ ਸਰਕਾਰ ਵੱਲੋਂ ਪਤਾ ਨਹੀਂ ਕਿਉਂ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਜਿਸ ਕਾਰਨ ਕਿਸਾਨ ਮੁੜ ਸੰਘਰਸ਼ ਦੇ ਰਾਹ ਪਏ ਹੋਏ ਹਨ |
ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਉਹ ਕਿਸਾਨ ਦੇ ਪੁੱਤ ਹਨ ਅਤੇ ਕਿਸਾਨਾਂ ਦੀ ਭਲਾਈ ਲਈ ਲਗਾਤਾਰ ਕਾਰਜ ਕਰ ਰਹੇ ਹਨ | ਉਨ੍ਹਾਂ ਕਿਹਾ ਪਹਿਲਾਂ ਪੰਜਾਬ ਦੇ ਲੋਕਾਂ ਨੇ ਪੰਜ ਵਾਰ ਦੇ ਮੁੱਖ ਮੰਤਰੀ ਖ਼ਿਲਾਫ਼ ਚੋਣ ਲੜਵਾਈ ਅਤੇ ਸਫਲਤਾ ਦਿੱਤੀ, ਹੁਣ ਬਾਦਲਾਂ ਦੇ ਹੀ ਗੜ੍ਹ ਵਿੱਚ ਲੋਕ ਸਭਾ ਚੋਣ (Lok Sabha elections) ਵਿੱਚ ਵੀ ਲੋਕਾਂ ਵੱਲੋਂ ਸਾਥ ਦਿੱਤਾ ਜਾਵੇਗਾ।