ਹੁਸ਼ਿਆਰਪੁਰ, 22 ਜਨਵਰੀ 2024: ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸੂਬਾ ਵਾਸੀਆਂ ਨੂੰ ਅਯੁੱਧਿਆ ਵਿਚ ਨਵਨਿਰਮਤ ਸ੍ਰੀ ਰਾਮ ਮੰਦਿਰ ਵਿਚ ਸਥਾਪਿਤ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ। ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸੈਸ਼ਨ ਚੌਕ ਸਥਿਤ ਦਫ਼ਤਰ ਵਿਚ ਭਗਵਾਨ ਸ੍ਰੀ ਰਾਮ ਜੀ ਦੀ ਪੂਜਾ ਕਰਨ ਤੋਂ ਬਾਅਦ ਲੰਗਰ ਦੀ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਸਚਾਈ, ਦਿਆਲਤਾ, ਦਇਆ ਦੇ ਪ੍ਰਤੀਕ ਹਨ ਅਤੇ ਉਹ ਅੱਜ ਅਯੁੱਧਿਆ ਵਿਚ ਸਥਾਪਿਤ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਸ਼ੁਭ ਮੌਕੇ ’ਤੇ ਅਰਦਾਸ ਕਰਦੇ ਹਨ ਕਿ ਭਗਵਾਨ ਸ੍ਰੀ ਰਾਮ ਦੇਸ਼ ਵਾਸੀਆਂ ਨੂੰ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਪ੍ਰਦਾਨ ਕਰਨ ਅਤੇ ਸਾਡਾ ਆਪਸੀ ਭਾਈਚਾਰਾ ਬਣਿਆ ਰਹੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਪੰਜਾਬ ਅਤੇ ਦਿੱਲੀ ਵਿਚ ਪਾਰਟੀ ਦਾ ਹਰ ਵਰਕਰ ਇਸ ਸ਼ੁੱਭ ਦਿਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਉਨ੍ਹਾਂ ਕਿਹਾ ਕਿ ਹਰੇਕ ਹਿੰਦੁਸਤਾਨੀ ਦਾ ਸੁਪਨਾ ਸੀ ਕਿ ਅਯੁੱਧਿਆ ਵਿਚ ਸ੍ਰੀ ਰਾਮਲੱਲਾ ਸਥਾਪਿਤ ਹੋਵੇ, ਅੱਜ 500 ਸਾਲ ਬਾਅਦ ਪਰਮਾਤਮਾ ਦੀ ਕਿਰਪਾ ਨਾਲ ਇਹ ਦਿਨ ਆਇਆ ਹੈ, ਜਿਸ ਨਾਲ ਪੂਰੇ ਦੇਸ਼ ਵਿਚ ਉਤਸਵ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਸਾਡੀ ਸਨਾਤਨ ਪਰੰਪਰਾ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹੋਏ ਸਾਨੂੰ ਏਕਤਾ ਦੇ ਧਾਗੇ ਵਿਚ ਪਿਰਾਉਣ ਦਾ ਕੰਮ ਵੀ ਕਰਦੀ ਹੈ।
ਬ੍ਰਮ ਸ਼ੰਕਰ ਜਿੰਪਾ ਨੇ ਇਸ ਤੋਂ ਬਾਅਦ ਜਿਥੇ ਸ਼ਹਿਰ ਵਿਚ ਲਗਾਏ ਵੱਖ-ਵੱਖ ਸਥਾਨਾਂ ’ਤੇ ਲੱਗੇ ਲੰਗਰਾਂ ਵਿਚ ਸੇਵਾ ਕੀਤੀ, ਉਥੇ ਧਾਰਮਿਕ ਆਯੋਜਨਾ ਵਿਚ ਵੀ ਸ਼ਿਰਕਤ ਕੀਤੀ। ਇਸ ਮੌਕੇ ਦੀ ਹੁਸ਼ਿਆਰਪੁਰ ਸਹਿਕਾਰੀ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਸਤਵੰਤ ਸਿੰਘ ਸਿਆਣ, ਵਰਿੰਦਰ ਸ਼ਰਮਾ, ਅਜੇ ਵਰਮਾ, ਅਰਜੁਨ ਸ਼ਰਮਾ, ਸਚਿਨ ਗੁਪਤਾ, ਖੁਸ਼ੀ ਰਾਮ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।