Baljit Kaur

ਕੈਬਿਨਟ ਮੰਤਰੀ ਬਲਜੀਤ ਕੌਰ ਦੀ ਅਫ਼ਸਰਾਂ ਨੂੰ ਹਦਾਇਤ, ਜਨਤਕ ਮਸਲਿਆਂ ਦਾ ਹੋਵੇ ਸਮਾਂਬੱਧ ਹੱਲ

ਮਲੋਟ, 23 ਜੂਨ 2023: ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਈ ਆਮ ਲੋਕ ਹੀ ਸਭ ਤੋਂ ਵੱਡੀ ਤਰਜੀਹ ਹਨ ਅਤੇ ਅਧਿਕਾਰੀ ਜਨਤਕ ਮਸਲਿਆਂ ਦੇ ਸਮਾਂਬੱਧ ਹੱਲ ਕਰਨ। ਇਹ ਹਦਾਇਤ ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ (Baljit Kaur) ਨੇ ਸ਼ੁੱਕਰਵਾਰ ਨੂੰ ਇੱਥੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਆਪਣੇ ਹਲਕੇ ਦੇ ਲੋਕਾਂ ਦੀਆਂ ਸਿ਼ਕਾਇਤਾਂ ਸੁਣਨ ਲਈ ਲਈ ਰੱਖੇ ਇਕ ਪ੍ਰੋਗਰਾਮ ਦੌਰਾਨ ਵੱਖ ਵੱਖ ਵਿਭਾਗਾਂ ਦੇ ਅਫ਼ਸਰਾਂ ਨੂੰ ਕੀਤੀ। ਜਨ ਸ਼ਿਕਾਇਤਾਂ ਦੀ ਸੁਣਵਾਈ ਲਈ ਇਹ ਮੀਟਿੰਗ ਸਾਢੇ ਸੱਤ ਘੰਟੇ ਤਕ ਚਲੀ ਜਿਸ ਦੌਰਾਨ ਕੈਬਨਿਟ ਮੰਤਰੀ ਨੇ ਇਲਾਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਦੇ ਵਾਰਡਾਂ ਤੋਂ ਆਏ ਇੱਕਲੇ ਇੱਕਲੇ ਵਿਅਕਤੀ ਦੀ ਮੁਸ਼ਕਲ ਨਿੱਜੀ ਤੌਰ ਤੇ ਸੁਣੀ।

ਕੈਬਨਿਟ ਮੰਤਰੀ (Baljit Kaur)ਨੇ ਕਿਹਾ ਕਿ ਆਮ ਲੋਕਾਂ ਨੇ ਇਕ ਵੱਡੀ ਆਸ ਨਾਲ ਸ: ਭਗਵੰਤ ਮਾਨ ਦੀ ਅਗਵਾਈ ਵਿਚ ਸਰਕਾਰ ਬਣਾਈ ਹੈ ਅਤੇ ਇਸ ਸਰਕਾਰ ਦਾ ਮੁੱਖ ਮਨੋਰਥ ਹੈ ਕਿ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਪਾਰਦਰਸ਼ੀ ਤਰੀਕੇ ਨਾਲ ਮਿਲੇ ਅਤੇ ਉਨ੍ਹਾਂ ਦੀ ਦਫ਼ਤਰਾਂ ਵਿਚ ਖੱਜਲ ਖੁਆਰੀ ਨਾ ਹੋਵੇ। ਇਸੇ ਤਰਾਂ ਸਰਕਾਰ ਲਈ ਵਿਕਾਸ ਕਾਰਜਾਂ ਨੂੰ ਵੀ ਸਮੇਂ ਸਿਰ, ਉਚ ਮਿਆਰਾਂ ਅਨੁਸਾਰ ਮੁਕੰਮਲ ਕਰਨਾ ਇਕ ਹੋਰ ਪ੍ਰਮੁੱਖ ਤਰਜੀਹ ਹੈ।ਇਸ ਲਈ ਸਾਰੇ ਵਿਭਾਗ ਸਰਕਾਰ ਦੇ ਇਸ ਮਨੋਰਥ ਅਨੁਸਾਰ ਆਪਣੇ ਆਪ ਨੂੰ ਲੋਕ ਸੇਵਾ ਪ੍ਰਤੀ ਪੂਰੀ ਤਰਾਂ ਸਮਰਪਿਤ ਕਰ ਦੇਣ।ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੀਮਾਂ ਦਾ ਲਾਭ ਕਤਾਰ ਵਿਚ ਸਭ ਤੋਂ ਅਖੀਰ ਵਿਚ ਖੜੇ ਵਿਅਕਤੀ ਤੱਕ ਪੁੱਜਣਾ ਚਾਹੀਦਾ ਹੈ।

ਡਾ: ਬਲਜੀਤ ਕੌਰ ਨੇ ਕਿਹਾ ਕਿ ਲੋਕਾਂ ਦੇ ਮਸਲਿਆਂ ਦੇ ਸਮਾਂਬੱਧ ਹੱਲ ਵਿਚ ਜ਼ੇਕਰ ਕੋਈ ਕੁਤਾਹੀ ਕਰੇਗਾ ਤਾਂ ਉਸ ਖਿਲਾਫ ਵਿਭਾਗੀ ਨਿਯਮਾਂ ਅਨੁਸਾਰ ਕਾਰਵਾਈ ਕਰਨ ਤੋਂ ਵੀ ਸਰਕਾਰ ਗੁਰੇਜ਼ ਨਹੀਂ ਕਰੇਗੀ।ਇਸ ਦੌਰਾਨ ਉਨ੍ਹਾਂ ਨੇ ਵਿਧਾਨ ਸਭਾ ਹਲਕਾ ਮਲੋਟ ਦੇ ਵੱਖ—ਵੱਖ ਪਿੰਡਾਂ ਅਤੇ ਸਹਿਰ ਮਲੋਟ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨਾਲ ਰਾਬਤਾ ਕਰਵਾ ਕੇ ਜਾਇਜ ਮੁਸ਼ਕਿਲਾਂ ਦਾ ਮੌਕੇ ਤੇ ਨਿਪਟਾਰਾ ਕੀਤਾ।ਉਨ੍ਹਾਂ ਨੇ ਕਿਹਾ ਕਿ ਦਫ਼ਤਰਾਂ ਵਿਚ ਆਉਣ ਵਾਲੇ ਲੋਕਾਂ ਦਾ ਪੂਰਾ ਮਾਣ ਸਤਿਕਾਰ ਹੋਵੇ ਅਤੇ ਉਨ੍ਹਾਂ ਦੀਆਂ ਸਿ਼ਕਾਇਤਾਂ ਨੂੰ ਹਮਦਰਦੀ ਨਾਲ ਸੁਣ ਕੇ ਉਨ੍ਹਾਂ ਦਾ ਹੱਲ ਕੀਤਾ ਜਾਵੇ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਆਪਣੇ ਇਸ ਦੌਰੇ ਦੌਰਾਨ ਸਥਾਨਕ ਵਾਟਰ ਵਰਕਸ ਦੀ ਚਾਰ ਦੀਵਾਰੀ ਦਾ ਨੀਂਹ ਪੱਥਰ ਰਖਿਆ ਤਾਂ ਜੋ ਇਥੋਂ ਸਹਿਰ ਵਾਸੀਆਂ ਨੁੰ ਸਾਫ਼ ਸੁਥਰੇ ਪਾਣੀ ਮੁਹੱਈਆ ਹੋ ਸਕੇ।ਉਹਨਾਂ ਦੱਸਿਆ ਕਿ ਇਸ ਚਾਰ ਦੀਵਾਰੀ ਦੇ ਨਿਰਮਾਣ ਤੇ 5.75 ਲੱਖ ਰੁਪਏ ਖਰਚਾ ਆਵੇਗਾ ਅਤੇ ਜਲਦ ਹੀ ਉਸਾਰੀ ਦੇ ਕੰਮ ਨੂੰ ਨੇਪਰੇ ਚਾੜਿਆ ਜਾਵੇਗਾ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨ ਸ੍ਰੀ ਬਿਕਰਮਜੀਤ ਸਿੰਘ ਸੇ਼ਰਗਿੱਲ, ਸ੍ਰੀ ਰਮਨਦੀਪ ਸਿੰਘ ਭੂਲੱਰ ਐਸ.ਪੀ ਡੀ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਹਲਕੇ ਭਰ ਤੋਂ ਪੁੱਜੇ ਪਤਵੰਤੇ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਾਜਰ ਸਨ।

Scroll to Top