ਖਰੜ, 18 ਸਤੰਬਰ, 2023: ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਤੇ ਹਲਕਾ ਖਰੜ ਦੇ ਵਿਧਾਇਕ ਅਨਮੋਲ ਗਗਨ ਮਾਨ ਨੇ ਅੱਜ ਨਗਰ ਕੌਂਸਲ ਖਰੜ (Kharar) ਦੀ ਡੰਪਿੰਗ ਸਾਈਟ ਦਾ ਦੌਰਾ ਕੀਤਾ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਲੇ-ਦੁਆਲੇ ਦੇ ਵਸਨੀਕਾਂ ਨੂੰ ਰਾਹਤ ਦੇਣ ਲਈ ਕੂੜੇ ਦੇ ਢੇਰਾਂ ਨੂੰ ਜਲਦੀ ਤੋਂ ਜਲਦੀ ਸਾਫ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਠੋਸ ਰਹਿੰਦ-ਖੂੰਹਦ ਦੇ ਮੌਜੂਦਾ ਡੰਪਾਂ ਨੂੰ ਸਾਫ਼ ਕਰਨ (ਉਪਚਾਰ) ਦੇ ਨਾਲ-ਨਾਲ ਰੋਜ਼ਾਨਾ ਲਗਭਗ 70 ਟਨ ਦੀ ਨਵੀਂ ਰਹਿੰਦ-ਖੂੰਹਦ ਨੂੰ ਸੁੱਟਣਾ ਵੀ ਬੰਦ ਕੀਤਾ ਜਾਣਾ ਚਾਹੀਦਾ ਹੈ ਅਤੇ ਰੋਜ਼ਾਨਾ ਕੂੜੇ ਲਈ ਇੱਕ ਬਦਲਵੀਂ ਜਗ੍ਹਾ ਦਾ ਤੁਰੰਤ ਬੰਦੋਬਸਤ ਕੀਤਾ ਜਾਵੇ।
ਨਗਰ ਕੌਂਸਲ ਦੇ ਅਧਿਕਾਰੀਆਂ ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਮੌਜੂਦਾ ਠੇਕੇਦਾਰ ਜਿਸ ਨੂੰ ਕੂੜੇ ਦੇ ਨਿਪਟਾਰੇ ਦਾ ਠੇਕਾ ਦਿੱਤਾ ਗਿਆ ਸੀ, ਨੇ 84000 ਮੀਟਰਕ ਟਨ ਠੋਸ ਰਹਿੰਦ-ਖੂੰਹਦ ਦੀ ਨਿਕਾਸੀ ਤੋਂ ਇਲਾਵਾ 21000 ਮੀਟਰਕ ਟਨ ਦੀ ਸ਼ਿਫਟਿੰਗ ਕੀਤੀ ਹੈ। ਹੁਣ ਜਦੋਂ ਠੇਕੇਦਾਰ ਨੇ ਕੰਮ ਬੰਦ ਕਰ ਦਿੱਤਾ ਹੈ ਅਤੇ ਹੋਰ ਨਿਪਟਾਰਾ ਕਰਨ ਲਈ ਤਿਆਰ ਨਹੀਂ ਹੈ, ਤਾਂ ਨਗਰ ਕੌਂਸਲ ਨੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਹੋਰ ਠੇਕੇਦਾਰ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਹੈ।
ਕੈਬਿਨਟ ਮੰਤਰੀ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇੱਥੇ ਇਕੱਠੇ ਹੋਏ ਕੂੜੇ ਦੇ ਨਿਪਟਾਰੇ ਲਈ ਤੁਰੰਤ ਟੈਂਡਰ ਲਾਉਣ ਦੇ ਆਦੇਸ਼ ਦਿੱਤੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਮੁਸ਼ਕਿਲ ਤੋਂ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਲਈ ਮੁਸ਼ਕਲਾਂ ਪੈਦਾ ਕਰਨ ਦੀ ਬਜਾਏ ਉਨ੍ਹਾਂ ਦੀਆਂ ਮੁਸ਼ਕਿਲਾਂ ਦੂਰ ਕਰਨਾ ਸਾਡੀ ਮੁੱਖ ਜ਼ਿੰਮੇਵਾਰੀ ਹੈ।
ਮੰਤਰੀ ਅਨਮੋਲ ਗਗਨ ਮਾਨ ਨੇ ਕੂੜਾ ਡੰਪ ਨੂੰ ਮੌਜੂਦਾ ਥਾਂ ਤੋਂ ਤਬਦੀਲ ਕਰਨ ਅਤੇ ਇਸ ਦੇ ਨਿਪਟਾਰੇ ਲਈ ਨਵੀਂ ਫਰਮ ਹਾਇਰ ਕਰਨ ਦਾ ਕੰਮ ਉਪ ਮੰਡਲ ਮੈਜਿਸਟਰੇਟ, ਖਰੜ, ਰਵਿੰਦਰ ਸਿੰਘ ਨੂੰ ਸਮਾਂਬੱਧ ਢੰਗ ਨਾਲ ਪੂਰਾ ਕਰਨ ਲਈ ਸੌਂਪਿਆ।
ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਡੇਢ ਸਾਲ ਦਾ ਸਮਾਂ ਪਹਿਲਾਂ ਹੀ ਬੀਤ ਚੁੱਕਾ ਹੈ ਅਤੇ ਹੁਣ ਇਹ ਕੰਮ ਕਰਕੇ ਦਿਖਾਉਣ ਕਰਨ ਦਾ ਸਮਾਂ ਹੈ, ਨਾ ਕਿ ਨਗਰ ਕੌਸਲ ਖੇਤਰ ਦੇ ਨਿਵਾਸੀਆਂ ਦੇ ਹਿਤਾਂ ਵਿਰੁੱਧ ਜਾ ਕੇ ਬਹਾਨੇ ਬਣਾਉਣ ਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਲਦ ਇਸ ਸਮੱਸਿਆ ਦਾ ਨਤੀਜਾ ਮੁਖੀ ਹੱਲ ਦਿੱਤਾ ਜਾਵੇ ਤਾਂ ਜੋ ਲੋਕ ਪ੍ਰੇਸ਼ਾਨ ਨਾ ਹੋਣ।