July 3, 2024 2:36 am
Kharar

ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਖਰੜ ‘ਚ 47 ਕਰੋੜ ਰੁਪਏ ਦੇ ਸੀਵਰੇਜ ਪ੍ਰੋਜੈਕਟ ਦੀ ਸ਼ੁਰੂਆਤ

ਖਰੜ, 13 ਅਕਤੂਬਰ, 2023: ਪੰਜਾਬ ਦੇ ਸੈਰ-ਸਪਾਟਾ ਮੰਤਰੀ ਅਤੇ ਹਲਕਾ ਖਰੜ (Kharar)  ਦੇ ਵਿਧਾਇਕ ਅਨਮੋਲ ਗਗਨ ਮਾਨ ਨੇ ਅੱਜ ਖਰੜ ਸ਼ਹਿਰ ਵਿਖੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਦੀ ਹਾਜ਼ਰੀ ਵਿੱਚ ਵਾਰਡ ਨੰਬਰ 13 ਤੋਂ 47.39 ਕਰੋੜ ਰੁਪਏ ਦੀ ਲਾਗਤ ਨਾਲ ਚਿਰਾਂ ਤੋਂ ਉਡੀਕੇ ਜਾ ਰਹੇ ਖਰੜ ਦੇ ਖਰੜ-ਲਾਂਡਰਾ ਰੋਡ ਦੇ ਸੀਵਰੇਜ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।

ਉਨ੍ਹਾਂ ਕਿਹਾ ਕਿ 47 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰਾਜੈਕਟ ਖਰੜ ਵਾਸੀਆਂ ਦੇ ਨਿਕਾਸੀ ਨਾਲ ਸਬੰਧਤ ਉਨ੍ਹਾਂ ਮਸਲਿਆਂ ਨੂੰ ਹੱਲ ਕਰੇਗਾ ਜਿਨ੍ਹਾਂ ਨੂੰ ਗੰਦੇ ਪਾਣੀ ਦੇ ਨਿਪਟਾਰੇ ਦੀ ਸਖ਼ਤ ਲੋੜ ਹੈ। ਦੋ ਪੜਾਵਾਂ ਚ ਮੁਕੰਮਲ ਹੋਣ ਵਾਲੇ ਪ੍ਰੋਜੈਕਟ ਵਿੱਚ ਖੂਨੀ ਮਾਜਰਾ ਵਿਖੇ ਲੱਗਣ ਵਾਲੇ ਇੱਕ ਐਸ ਟੀ ਪੀ ਤੋਂ ਇਲਾਵਾ ਇੱਕ ਪੰਪਿੰਗ ਸਟੇਸ਼ਨ ਹੋਵੇਗਾ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕੇ ਖਰੜ (Kharar) ਵਿੱਚ ਇਹ ਉਨ੍ਹਾਂ ਲਈ ਸੁਪਨਮਈ ਪ੍ਰਾਜੈਕਟ ਸੀ ਜਿਸ ਨੂੰ ਅਮਲੀ ਰੂਪ ਦੇਣ ਲਈ ਉਹ ਪੂਰੀ ਵਾਹ ਲਾ ਰਹੇ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ: ਸੰਨੀ ਸਿੰਘ ਆਹਲੂਵਾਲੀਆ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸੀਵਰੇਜ ਪ੍ਰੋਜੈਕਟ ਤੋਂ ਇਲਾਵਾ ਕਜੌਲੀ ਤੋਂ ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ ਦਾ ਇੱਕ ਹੋਰ ਵੱਕਾਰੀ ਪ੍ਰੋਜੈਕਟ ਵੀ ਟੈਂਡਰਿੰਗ ਪੜਾਅ ‘ਤੇ ਹੈ। ਜਿਸ ਨੂੰ ਅਗਲੇ ਦਿਨਾਂ ਵਿੱਚ ਟੈਂਡਰ ਹੋਣ ਤੋਂ ਬਾਅਦ ਅਗਲੇ 8 ਮਹੀਨਿਆਂ ਵਿੱਚ ਪੂਰਾ ਕੀਤਾ ਜਾਵੇਗਾ।

ਇਸੇ ਤਰ੍ਹਾਂ ਖਰੜ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ 61 ਕਰੋੜ ਰੁਪਏ (21 ਕਰੋੜ ਰੁਪਏ ਦੇ ਟੈਂਡਰ ਅਲਾਟ ਕਰ ਦਿੱਤੇ ਗਏ ਹਨ ਜਦਕਿ 36 ਕਰੋੜ ਰੁਪਏ ਦੇ ਟੈਂਡਰ ਅਗਲੇ ਦਿਨਾਂ ਵਿੱਚ ਜਾਰੀ ਕੀਤੇ ਜਾਣਗੇ, ਤੋਂ ਇਲਾਵਾ ਪਾਰਕਾਂ ਵਿੱਚ ਓਪਨ ਜਿੰਮ ਲਈ 1.76 ਕਰੋੜ ਰੁਪਏ ਅਤੇ ਸਵੱਛ ਭਾਰਤ ਮਿਸ਼ਨ ਤਹਿਤ 2.66 ਕਰੋੜ ਰੁਪਏ) ਦੇ ਪ੍ਰਾਜੈਕਟ ਰੱਖੇ ਗਏ ਹਨ। ਅੱਜ ਵਾਰਡ ਨੰਬਰ 16 ਤੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਇਕੱਲੇ ਵਾਰਡ 16 ਲਈ 62.51 ਲੱਖ ਰੁਪਏ ਦੇ ਪ੍ਰੋਜੈਕਟ ਹਨ।

ਉਨ੍ਹਾਂ ਕਿਹਾ ਕਿ ਇਤਿਹਾਸਕ ਸ਼ਹਿਰ ਖਰੜ (Kharar) ਦੇ ਯੋਜਨਾਬੱਧ ਵਿਕਾਸ ਲਈ ਆਉਣ ਵਾਲੇ ਦਿਨਾਂ ਵਿੱਚ ਟਾਊਨ ਪਲਾਨਰ ਅਤੇ ਕੂੜਾ ਪ੍ਰਬੰਧਨ ਮਾਹਿਰਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ ਤਾਂ ਜੋ ਖਰੜ ਪੰਜਾਬ ਦੇ ਇੱਕ ਮਾਡਲ ਸ਼ਹਿਰ ਵਜੋਂ ਉਭਰ ਸਕੇ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਨਗਰ ਕੌਂਸਲ ਦੇ ਕੰਮਕਾਜ ਵਿੱਚ ਆਮ ਲੋਕਾਂ ਨੂੰ ਨਾਲ ਜੋੜ ਕੇ, ਉਨ੍ਹਾਂ ਦੀਆਂ ਮੰਗਾਂ ਪੁੱਛ ਕੇ ਸ਼ਹਿਰ ਦੇ ਅਗਲੇ ਕੰਮਾਂ ਦੀ ਤਜਵੀਜ਼ ਬਣਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਖਰੜ ਵਿੱਚ ਵਿਰਾਸਤੀ ਮਾਰਗ ਦੇ ਆਧਾਰ ‘ਤੇ ਇੱਕ ਮਾਰਕੀਟ ਨੂੰ ਪਾਇਲਟ ਪ੍ਰੋਜੈਕਟ ਵਜੋਂ ਵਿਕਸਤ ਕੀਤਾ ਜਾਵੇਗਾ ਜਿਸ ਤੋਂ ਬਾਅਦ ਹੋਰਾਂ ਲਈ ਵੀ ਇਸ ਨੂੰ ਅਪਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੈਰ ਸਪਾਟਾ ਵਿਭਾਗ ਵੱਲੋਂ ਅੱਜ ਸਰੋਵਰ ਦੇ 10 ਕਰੋੜ ਰੁਪਏ ਦੇ ਸੁੰਦਰੀਕਰਨ ਪ੍ਰਾਜੈਕਟ ਨੂੰ ਆਉਣ ਵਾਲੇ ਦਿਨਾਂ ਵਿੱਚ ਸੈਰ ਸਪਾਟਾ ਸਥਾਨ ਵਜੋਂ ਵਿਕਸਤ ਕਰਕੇ ਮੁਕੰਮਲ ਕੀਤਾ ਜਾਵੇਗਾ।

ਇਸ ਮੌਕੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ: ਸੰਨੀ ਸਿੰਘ ਆਹਲੂਵਾਲੀਆ ਨੇ ਸੈਰ ਸਪਾਟਾ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਉਨ੍ਹਾਂ ਦੇ ਵਿਭਾਗ ਨਾਲ ਸਬੰਧਤ ਸੀਵਰੇਜ ਅਤੇ ਸਰਫੇਸ ਡਰਿੰਕਿੰਗ ਵਾਟਰ ਸਪਲਾਈ ਦੇ ਦੋ ਪ੍ਰਮੁੱਖ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ (ਮੰਤਰੀ) ਵੱਲੋਂ ਖਰੜ ਵਾਸੀਆਂ ਨਾਲ ਕੀਤੇ ਵਾਅਦੇ ਸਮੇਂ ਸਿਰ ਪੂਰੇ ਕੀਤੇ ਜਾਣਗੇ।

ਇਸ ਤੋਂ ਪਹਿਲਾਂ ਮੰਤਰੀ ਅਨਮੋਲ ਗਗਨ ਮਾਨ ਨੇ ਵਾਰਡ ਨੰਬਰ 16 ਵਿਖੇ ਗਿਲਕੋ ਵੈਲੀ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਈ.ਓ.ਐਮ.ਸੀ ਖਰੜ ਸੁਖਦੇਵ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਸਬੰਧਤ ਡਿਵੈਲਪਰ ਨੂੰ ਕਮੀਆਂ ਦੀ ਸੂਚੀ ਗਿਣਾਉਂਦੇ ਹੋਏ ਹੱਲ ਲਈ ਤੁਰੰਤ ਪ੍ਰਭਾਵ ਨਾਲ ਨੋਟਿਸ ਜਾਰੀ ਕਰਨ।

ਉਨ੍ਹਾਂ ਖਰੜ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਸ਼ਹਿਰ ਨੂੰ ਸਭ ਤੋਂ ਵੱਧ ਵਿਕਸਤ ਅਤੇ ਯੋਜਨਾਬੱਧ ਬਣਾਉਣਗੇ ਤਾਂ ਜੋ ਇਹ ਪੰਜਾਬ ਦਾ ਇੱਕ ਮਾਡਲ ਸ਼ਹਿਰ ਬਣ ਕੇ ਉਭਰ ਸਕੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਖਰੜ ਦੇ ਵਿਕਾਸ ਲਈ ਕਾਫੀ ਫੰਡ ਮੌਜੂਦ ਹਨ ਜਿਸ ਨੂੰ ਖਰੜ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਇਮਾਨਦਾਰੀ ਨਾਲ ਖਰਚ ਕਰਨਾ ਯਕੀਨੀ ਬਣਾਇਆ ਜਾਵੇਗਾ।
ਇਸ ਮੌਕੇ ਐਸ.ਡੀ.ਐਮ ਖਰੜ ਰਵਿੰਦਰ ਸਿੰਘ, ਕਾਰਜ ਸਾਧਕ ਅਫ਼ਸਰ ਖਰੜ ਸੁਖਦੇਵ ਸਿੰਘ, ਐਮ.ਸੀਜ਼, ਪਾਰਟੀ ਵਲੰਟੀਅਰ ਅਤੇ ਅਹੁਦੇਦਾਰ ਵੀ ਹਾਜ਼ਰ ਸਨ।