July 3, 2024 3:49 am
Aman Arora

ਕੈਬਿਨਟ ਮੰਤਰੀ ਅਮਨ ਅਰੋੜਾ ਨੇ 2.77 ਕਰੋੜ ਦੀ ਲਾਗਤ ਵਾਲੀਆਂ ਜਲ ਸਪਲਾਈ ਸਕੀਮਾਂ ਦਾ ਰੱਖਿਆ ਨੀਂਹ ਪੱਥਰ

ਸੁਨਾਮ ਊਧਮ ਸਿੰਘ ਵਾਲਾ, 28 ਅਕਤੂਬਰ, 2023: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸੁਨਾਮ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਸਰਗਰਮ ਕੈਬਨਿਟ ਮੰਤਰੀ ਅਮਨ ਅਰੋੜਾ (Aman Arora) ਵੱਲੋਂ ਅੱਜ ਸੁਨਾਮ ਹਲਕੇ ਦੇ ਦੋ ਹੋਰ ਪਿੰਡਾਂ ਵਿੱਚ ਕਰੀਬ 2.77 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਜਲ ਸਪਲਾਈ ਸਕੀਮਾਂ ਦੀ ਰਸਮੀ ਸ਼ੁਰੂਆਤ ਕੀਤੀ। ਪਿੰਡ ਢੱਡਰੀਆਂ ਅਤੇ ਪਿੰਡ ਕਿਲ੍ਹਾ ਭਰੀਆਂ ਵਿਚ ਬਣਨ ਵਾਲੇ ਜਲ ਸਪਲਾਈ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਮੌਕੇ ਵੱਡੀ ਗਿਣਤੀ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਾਉਣ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ।

ਕੈਬਨਿਟ ਮੰਤਰੀ (Aman Arora) ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ 18 ਮਹੀਨਿਆਂ ਦੇ ਸਮੇਂ ਅੰਦਰ ਸੁਨਾਮ ਦੇ ਵੱਖ ਵੱਖ ਪ੍ਰੋਜੈਕਟਾਂ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਨਾਲ ਆਉਣ ਵਾਲੇ ਕੁਝ ਸਮੇਂ ਅੰਦਰ ਹੀ ਲੋਕਾਂ ਨੂੰ ਹਲਕੇ ਦੀ ਨੁਹਾਰ ਬਦਲੀ ਹੋਈ ਨਜ਼ਰ ਆਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵੱਲੋਂ ਹਰੇਕ ਵਰਗ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜਿਹੜੇ ਲੋਕ ਪਿਛਲੀਆਂ ਸਰਕਾਰਾਂ ਦੇ ਸਮੇਂ ਅੰਦਰ ਬੁਨਿਆਦੀ ਸਹੂਲਤਾਂ ਨੂੰ ਤਰਸਦੇ ਰਹੇ ਹਨ ਉਨ੍ਹਾਂ ਦੀ ਹਰ ਲੋੜ ਨੂੰ ਯੋਜਨਾਬੱਧ ਤਰੀਕੇ ਨਾਲ ਪੂਰਾ ਕੀਤਾ ਜਾ ਰਿਹਾ ਹੈ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਜਲ ਸਪਲਾਈ ਸਕੀਮਾਂ ਉਤੇ 6-6 ਕਿਲੋਵਾਟ ਦਾ ਸੋਲਰ ਪੈਨਲ ਲਗਾਇਆ ਜਾਵੇਗਾ ਅਤੇ ਦੋਵੇਂ ਪਿੰਡਾਂ ਵਿੱਚ 21 ਕਿਲੋਮੀਟਰ ਲੰਬੀਆਂ ਪਾਈਪ ਲਾਈਨਾਂ ਪਾ ਕੇ ਇੱਕ ਹਜ਼ਾਰ ਤੋਂ ਵੱਧ ਘਰਾਂ ਵਿੱਚ ਪੀਣ ਲਈ ਸਾਫ਼ ਪਾਣੀ ਦੀ ਪਹੁੰਚ ਹੋਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਸਕੀਮਾਂ 6 ਤੋਂ 8 ਮਹੀਨਿਆਂ ਅੰਦਰ ਮੁਕੰਮਲ ਹੋਣਗੀਆਂ ਜਿਸ ਨਾਲ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਵੱਡਾ ਫਾਇਦਾ ਮਿਲੇਗਾ।

ਇਸ ਮੌਕੇ ਹਰਪਾਲ ਸਿੰਘ ਬਡਰੁੱਖਾਂ ਚੇਅਰਮੈਨ, ਬਲਾਕ ਪ੍ਰਧਾਨ ਗੁਰਿੰਦਰ ਖੇੜੀ, ਲਖਵਿੰਦਰ ਸਿੰਘ (ਸੁੱਖ ਸਹੋਕੇ) ਬਲਾਕ ਪ੍ਰਧਾਨ, ਦਵਿੰਦਰ ਸਿੰਘ ਬਲਾਕ ਪ੍ਰਧਾਨ, ਜਗਰਾਜ ਸਿੰਘ ਬਲਾਕ ਪ੍ਰਧਾਨ, ਸਤਨਾਮ ਸਿੰਘ ਕਾਲਾ ਬਡਰੁੱਖਾਂ ਬਲਾਕ ਪ੍ਰਧਾਨ, ਬਲਾਕ ਪ੍ਰਧਾਨ ਜਗਵੀਰ ਅਕਬਰਪੁਰ, ਬਲਾਕ ਪ੍ਰਧਾਨ ਸਾਹਿਬ ਸਿੰਘ, ਮਨਜੀਤ ਢੱਡਰੀਆਂ , ਗੁਰਦੀਪ ਸਿੰਘ ਢੱਡਰੀਆਂ, ਬੱਗੂ ਕਿਲਾ ਭਰੀਆਂ, ਗੋਪੀ ਢੱਡਰੀਆਂ, ਗੁਰਚਰਨ ਸਿੰਘ ਢੱਡਰੀਆਂ, ਮੇਘ ਸਿੰਘ, ਸੁਪਿੰਦਰ ਸਿੰਘ, ਇੰਦਰਜੀਤ ਸਿੰਘ, ਸਮੂਹ ਗ੍ਰਾਮ ਪੰਚਾਇਤ ਕਿਲਾ ਭਰੀਆਂ ਅਤੇ ਸਮੂਹ ਗ੍ਰਾਮ ਪੰਚਾਇਤ ਢੱਡਰੀਆਂ ਵੀ ਹਾਜ਼ਰ ਸਨ।