July 5, 2024 7:28 am
Mannat Kashyap

ਟੀ-20 ਮਹਿਲਾ ਵਿਸ਼ਵ ਕੱਪ ਜਿੱਤ ਕੇ ਮੰਨਤ ਨੇ ਸ਼ਾਹੀ ਸ਼ਹਿਰ ਪਟਿਆਲਾ ਦਾ ਨਾਂ ਰੋਸ਼ਨ ਕੀਤਾ: ਅਜੀਤਪਾਲ ਕੋਹਲੀ

ਪਟਿਆਲਾ, 03 ਫਰਵਰੀ 2023: ਹਾਲ ਹੀ ‘ਚ ਹੋਏ ਅੰਡਰ-19 ਦੀ ਮਹਿਲਾ ਕ੍ਰਿਕਟ ਟੀਮ ਨੇ ਟੀ-20 ਮਹਿਲਾ ਵਿਸ਼ਵ ਕੱਪ ਜਿੱਤ ਕੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਅਤੇ ਇਤਿਹਾਸ ਰਚਿਆ। ਇਸ ਵਿਸ਼ਵ ਕੱਪ ’ਚ ਪਟਿਆਲਾ ਦੀ ਮੰਨਤ ਕਸ਼ਯਪ (Mannat Kashyap) ਨੇ ਵੀ ਸ਼ਾਹੀ ਸ਼ਹਿਰ ਪਟਿਆਲਾ ਦਾ ਨਾਮ ਰੋਸ਼ਨ ਕੀਤਾ ਹੈ। ਅੱਜ ਇਥੇ ਸਰਕਟ ਹਾਊਸ ਵਿਖੇ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੰਨਤ ਅਤੇ ਉਸ ਦੇ ਪਰਵਾਰਕ ਮੈਂਬਰਾਂ ਦਾ ਸਨਮਾਨ ਕੀਤਾ। ਇਸ ਦੌਰਾਨ ਵਿਧਾਇਕ ਨੇ ਇਸ ਇਤਿਹਾਸਕ ਜਿੱਤ ਲਈ ਟੀਮ ਦੇ ਸਾਰੇ ਖਿਡਾਰੀਆਂ, ਕੋਚਾਂ ਅਤੇ ਖਿਡਾਰੀਆਂ ਦੇ ਪਰਿਵਾਰਾਂ ਨੂੰ ਹਾਰਦਿਕ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।

ਇਸ ਦੌਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸਾਰੇ ਭਾਰਤ ਵਾਸੀਆਂ ਨੂੰ ਦੇਸ਼ ਦੀਆਂ ਧੀਆਂ ’ਤੇ ਮਾਣ ਹੈ। ਟੀ-20 ਮਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ ਮੈਂਬਰ ਮੰਨਤ ਕਸ਼ਯਪ (Mannat Kashyap) ਦੇ ਪਰਿਵਾਰ ’ਚ ਹੀ ਨਹੀਂ ਬਲਕਿ ਪੂਰੇ ਸ਼ਾਹੀ ਸ਼ਹਿਰ ਅੰਦਰ ਖੁਸ਼ੀ ਦਾ ਮਹੌਲ ਹੈ। ਇਸ ਦੌਰਾਨ ਵਿਧਾਇਕ ਨੇ ਮੰਨਤ ਕਸ਼ਯਪ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਮੰਨਤ ਦੇ ਪਰਿਵਾਰ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ।

ਵਿਧਾਇਕ ਨੇ ਕਿਹਾ ਕੇ ਇਸ ਟੀਮ ਨੇ ਪੂਰੀ ਮਿਹਨਤ ਨਾਲ ਇਹ ਜਿੱਤ ਪ੍ਰਾਪਤ ਕੀਤੀ ਹੈ। ਇਸ ਜਿੱਤ ਲਈ ਇਸ ਟੀਮ ਦੇ ਕੋਚਾਂ ਦਾ ਵੀ ਵੱਡਾ ਯੋਗਦਾਨ ਹੈ, ਕਿਉਂ ਕੇ ਉਨ੍ਹਾਂ ਵੱਲੋਂ ਦਿੱਤੀ ਜਾਣ ਵਾਲੀ ਟ੍ਰੇਨਿੰਗ ਸਦਕਾ ਹੀ ਖਿਡਾਰੀ ਇੱਥੋਂ ਤੱਕ ਪਹੁੰਚ ਸਕਦੇ ਹਨ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕੇ ਪੰਜਾਬ ਸਰਕਾਰ ਇਨ੍ਹਾਂ ਖਿਡਾਰੀਆਂ ਲਈ ਹਰ ਸਮੇਂ ਹਾਜ਼ਰ ਹੈ ਅਤੇ ਖੇਡਾਂ ਪ੍ਰਤੀ ਹਾਂ ਪੱਖੀ ਰੁਝਾਨ ਰੱਖਣ ਵਾਲੇ ਖਿਡਾਰੀਆਂ ਲਈ ਸਰਕਾਰ ਹਰ ਪਲ ਮਦਦ ਲਈ ਤਿਆਰ ਹੈ।

ਉਨ੍ਹਾਂ ਕਿਹਾ ਕੇ ਜੇਕਰ ਪਿਛਲੀਆਂ ਸਰਕਾਰਾਂ ਨੇ ਖਿਡਾਰੀਆਂ ਦੀ ਸਾਰ ਲਈ ਹੁੰਦੀ ਤਾਂ ਸਾਡੇ ਪੰਜਾਬ ਦਾ ਨਾਮ ਖੇਡਾਂ ਵਿਚ ਇਸ ਤੋਂ ਵੱਧ ਰੋਸ਼ਨ ਹੋਣਾ ਸੀ, ਇਸ ਲਈ ਪਿਛਲੀਆਂ ਸਰਕਾਰਾਂ ਦੇ ਲਾਰੇ ਅਤੇ ਖੇਡਾਂ ਪ੍ਰਤੀ ਨਾ ਪੱਖੀ ਰਵੱਈਆ ਹੀ ਖਿਡਾਰੀਆਂ ਲਈ ਨਿਰਾਸਾ ਪੈਦਾ ਕਰ ਰਿਹਾ ਸੀ, ਪਰ ਹੁਣ ਇਨ੍ਹਾਂ ਖਿਡਾਰੀਆਂ ਨੂੰ ਘਬਰਾਉਣ ਦੀ ਲੋੜ ਨਹੀਂ, ਉਨ੍ਹਾਂ ਦੀ ਆਪਣੀ ਸਰਕਾਰ ਹੈ। ਇਸ ਸਰਕਾਰ ਵਿਚ ਖਿਡਾਰੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ।