July 7, 2024 10:48 am
ਕੁਲਤਾਰ ਸਿੰਘ ਸੰਧਵਾਂ

ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਤੇ ਬਿਜਲੀ ਸਬਸਿਡੀ ਦੇ ਕੇ ਵੀ ਸਰਕਾਰ ਵਿੱਤੀ ਮੁਨਾਫ਼ੇ ਵੱਲ: ਕੁਲਤਾਰ ਸਿੰਘ ਸੰਧਵਾਂ

ਮੋਗਾ, 08 ਅਪ੍ਰੈਲ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਇੱਕ ਸਾਲ ਦੇ ਅਰਸੇ ਵਿੱਚ ਪੰਜਾਬ ਦੇ ਵਿੱਤੀ ਹਾਲਾਤਾਂ ਵਿੱਚ ਬੇਮਿਸਾਲ ਸੁਧਾਰ ਕਰ ਦਿੱਤਾ ਹੈ। ਸੂਬੇ ਦੇ ਬੇਰੋਜ਼ਗਾਰਾਂ ਨੂੰ ਹਜ਼ਾਰਾਂ ਸਰਕਾਰੀ ਨੌਕਰੀਆਂ ਪ੍ਰਦਾਨ ਕਰਵਾ ਕੇ, ਬਿਜਲੀ ਉੱਪਰ ਭਾਰੀ ਸਬਸਿਡੀ ਆਮ ਲੋਕਾਂ ਨੂੰ ਮੁਹੱਈਆ ਕਰਵਾ ਕੇ ਅਤੇ ਕਈ ਹੋਰ ਲੋਕ ਪੱਖੀ ਫੈਸਲੇ ਲੈ ਕੇ ਵੀ ਪੰਜਾਬ ਸਰਕਾਰ ਦਾ ਬਜਟ ਲਾਭ ਵਿੱਚ ਚੱਲ ਰਿਹਾ ਹੈ। ਇਹ ਸਭ ਕੁਝ ਇਮਾਨਦਾਰ, ਮਿਹਨਤੀ ਅਤੇ ਭਿ੍ਰਸ਼ਟਾਚਾਰ ਮੁਕਤ ਆਮ ਆਦਮੀ ਪਾਰਟੀ ਦੇ ਯਤਨਾਂ ਸਦਕਾ ਸੰਭਵ ਹੋਇਆ ਹੈ।

ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਉਹ ਅੱਜ ਨਿਹਾਲ ਸਿੰਘ ਵਾਲਾ ਦੇ ਪਿੰਡ ਰਣਸੀਂਹ ਕਲਾਂ ਵਿਖੇ ਪਹੁੰਚੇ ਸਨ। ਇੱਥੇ ਉਨਾਂ ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਜਿੱਥੇ ਉਨਾਂ ਨਾਲ ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ ਵੀ ਹਾਜ਼ਰ ਸਨ।

ਗ੍ਰਾਮ ਪੰਚਾਇਤ ਰਣਸੀਂਹ ਕਲਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਸ ਅਤਿ ਆਧੁਨਿਕ ਲਾਇਬ੍ਰੇਰੀ ਦੇ ਉਦਘਾਟਨ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਅਜਿਹੀਆਂ ਲਾਇਬ੍ਰੇਰੀਆਂ ਹਰ ਇੱਕ ਪਿੰਡ ਵਿੱਚ ਸਥਾਪਿਤ ਹੋਣੀਆਂ ਚਾਹੀਦੀਆਂ ਹਨ। ਜਿਥੇ ਪਿੰਡ ਵਾਸੀਆਂ, ਔਰਤਾਂ, ਬਜ਼ੁਰਗਾਂ ਅਤੇ ਵਿਦਿਆਰਥੀਆਂ ਨੂੰ ਵਧੀਆ ਪੜਨਯੋਗ ਅਤੇ ਸਹੀ ਸੇਧ ਦੇਣ ਵਾਲੀ ਸਮੱਗਰੀ ਮਿਲ ਸਕੇ ਅਤੇ ਇੱਥੇ ਪਿੰਡ ਵਾਸੀ ਇੱਕ ਦੂਸਰੇ ਨਾਲ ਆਪਣਾ ਕੁਝ ਸਮਾਂ ਬਤੀਤ ਕਰ ਸਕਣ ਜਿਸ ਨਾਲ ਆਪਸੀ ਸਾਂਝ ਵੀ ਮਜ਼ਬੂਤ ਹੋਵੇ। ਸੰਧਵਾਂ ਨੇ ਲਾਇਬ੍ਰੇਰੀ ਵਿੱਚ ਹੋਰ ਵਧੀਆ ਕਿਤਾਬਾਂ ਰਖਵਾਉਣ ਲਈ ਪੰਚਾਇਤ ਨੂੰ 2 ਲੱਖ 11 ਹਜ਼ਾਰ ਰੁਪਏ ਦੀ ਗ੍ਰਾਂਟ ਜਲਦੀ ਦੇਣ ਨੂੰ ਮਨਜੂਰੀ ਦਿੱਤੀ।

ਆਪਣੇ ਬਿਆਨ ਵਿੱਚ ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਸੁਪਨਾ ਹੈ ਕਿ ਸੂਬੇ ਦੇ ਵੱਧ ਤੋਂ ਵੱਧ ਨੌਜਵਾਨ ਵਧੀਆ ਰੋਜ਼ਗਾਰ ਦੇ ਕਾਬਿਲ ਬਣਨ ਅਤੇ ਇਸ ਦਿਸ਼ਾ ਵਿੱਚ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਜਿਸਦੇ ਨਤੀਜੇ ਨੌਜਵਾਨਾਂ ਦੇ ਸਾਹਮਣੇ ਛੇਤੀ ਆਉਣਗੇ। ਉਨਾਂ ਨੌਜਵਾਨਾਂ ਨੂੰ ਖਾਸ ਸੁਨੇਹਾ ਦਿੰਦਿਆਂ ਕਿਹਾ ਕਿ ਉਨਾਂ ਨੂੰ ਪਤਾ ਹੈ ਕਿ ਸਿੱਖ ਕੌਮ ਨਿੱਡਰ ਹੋਣ ਦੇ ਨਾਲ ਨਾਲ ਜਜਬਾਤੀ ਕੌਮ ਵੀ ਹੈ। ਅੱਜ ਦੇ ਸਿੱਖ ਨੌਜਵਾਨਾਂ ਨੂੰ ਅੱਜ ਦੇ ਹਾਲਾਤਾਂ ਤੋਂ ਸੰਭਲ ਕੇ ਚੱਲਣ ਦੀ ਲੋੜ ਹੈ। ਉਨਾਂ ਨੌਜਵਾਨਾਂ ਨੂੰ ਕਿਸੇ ਦੇ ਭੜਕਾਊ ਭਾਸ਼ਣਾਂ ਵਿੱਚ ਆਉਣ ਦੀ ਬਿਜਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਰਗਦਰਸ਼ਨ ਉੱਪਰ ਚੱਲਣ ਲਈ ਪ੍ਰੇਰਿਆ।

ਪਿੰਡ ਦੀ ਪੰਚਾਇਤ ਨੇ ਗੁਰੂ ਗੋਬਿੰਦ ਸਿੰਘ ਮਾਰਗ ਜਿਸਦਾ ਵਿਸਥਾਰ ਆਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤੱਕ 570 ਕਿਲੋਮੀਟਰ ਤੱਕ ਹੈ ਦੇ ਸਬੰਧ ਵਿੱਚ ਇੱਕ ਮੰਗ ਸਪੀਕਰ ਦੇ ਧਿਆਨ ਵਿੱਚ ਲਿਆਉਂਦਿਆਂ ਕਿਹਾ ਕਿ ਉਨਾਂ ਦੇ ਪਰਿਵਾਰ ਵਡੇਰਿਆਂ ਵੱਲੋਂ ਇਸ ਨੂੰ ਬਣਵਾਇਆ ਗਿਆ ਸੀ ਜਿਹੜਾ ਕਿ ਸਿੱਖ ਕੌਮ ਦਾ ਵਿਰਸਾ ਹੈ, ਇਸਦੀ ਸਾਂਭ ਸੰਭਾਲ ਲਈ ਇਸ ਨੂੰ ਦੁਬਾਰਾ ਤੋਂ ਬਣਾਉਣ ਦੀ ਜਰੂਰਤ ਹੈ ਅਤੇ ਇਸ ਮਾਰਗ ਉੱਪਰ ਸਥਿਤ ਸ਼ਰਾਬ ਦੇ ਠੇਕੇ ਵੀ ਚੁਕਵਾਉਣੇ ਜਰੂਰੀ ਹਨ। ਜਿਸ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਉਹ ਜਲਦੀ ਹੀ ਵਿਧਾਨ ਸਭਾ ਵਿੱਚ ਇਸ ਮਾਮਲੇ ਨੂੰ ਵਿਚਾਰਨਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾਤ ਜ਼ਿਲਾ ਯੋਜਨਾ ਬੋਰਡ ਮੋਗਾ ਦੇ ਚੇਅਰਮੈਨ ਹਰਮਨਜੀਤ ਸਿੰਘ ਬਰਾੜ, ਜਥੇਦਾਰ ਬੂਟਾ ਸਿੰਘ ਰਣਸੀਂਹ ਕਲਾਂ, ਮੌਜੂਦਾ ਸਰਪੰਚ ਕੁਲਦੀਪ ਕੌਰ, ਪ੍ਰੀਤਇੰਦਰਪਾਲ ਸਿੰਘ ਮਿੰਟੂ ਸਾਬਕਾ ਸਰਪੰਚ, ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਜਗਦੀਪ ਸਿੰਘ ਗਟਰਾ, ਟਰੱਕ ਯੂਨੀਅਨ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਮਨਦੀਪ ਸਿੰਘ ਮਾਣੂੰਕੇ ਆਦਿ ਹਾਜ਼ਰ ਸਨ।