July 2, 2024 10:15 pm
Ranjodh Singh Hadana

ਬਿਨਾਂ ਪਰਮਿਟਾ ਤੋਂ ਚੱਲ ਰਹੀਆਂ ਬੱਸਾਂ ਨੂੰ ਲਗਾਵਾਗੇਂ ਖੂੰਜੇ: ਰਣਜੋਧ ਸਿੰਘ ਹਡਾਣਾ

ਪਟਿਆਲਾ, 04 ਨਵੰਬਰ 2023: ਪੀ.ਆਰ.ਟੀ.ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ (Ranjodh Singh Hadana) ਅੱਜ ਕੱਲ ਹਾਈ ਅਲੱਰਟ ਤੇ ਹਨ। ਪਿਛਲੇ 20 ਦਿਨਾਂ ਦੇ ਵਿੱਚ ਚੇਅਰਮੈਨ ਹਡਾਣਾ ਵੱਲੋਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਚੱਲ ਰਹੀਆਂ 20 ਦੇ ਕਰੀਬ ਨਜਾਇਜ ਬੱਸਾਂ ਨੂੰ ਸਟੇਟ ਟਰਾਂਸਪੋਰਟ ਦੇ ਬਣਦੇ ਨਿਯਮ ਅਨੁਸਾਰ ਮੋਟਾ ਜ਼ੁਰਮਾਨਾ ਜਾਂ ਬੰਦ ਕਰਵਾ ਦਿੱਤਾ ਗਿਆ। ਦਿਨ-ਬ-ਦਿਨ ਨਜਾਇਜ਼ ਚੱਲ ਰਹੀਆਂ ਪ੍ਰ੍ਰਾਈਵੇਟ ਬੱਸਾਂ ਨੂੰ ਨਕੇਲ ਪਾਉਣ ਲਈ ਪੀਆਰਟੀਸੀ ਵੱਲੋਂ ਸਖਤ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।

ਬੀਤੀ ਰਾਤ ਕਰੀਬ 11 ਵਜੇ ਵੀ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਅਤੇ ਪਟਿਆਲਾ ਦੇ ਜੀ ਐਮ ਅਮਨਵੀਰ ਸਿੰਘ ਟਿਵਾਨਾ ਦੀ ਅਗਵਾਈ ਵਿੱਚ ਮਹਿਕਮੇ ਦੀ ਟੀਮ ਚੀਫ ਇੰਸਪੈਕਟਰ ਕਰਮਚੰਦ, ਚੀਫ ਇੰਸਪੈਕਟਰ ਮਨੋਜ ਕੁਮਾਰ, ਇੰਸਪੈਕਟਰ ਅਮਨਦੀਪ ਸਿੰਘ, ਸਬ-ਇੰਸਪੈਕਟਰ ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ ਸਬ ਇੰਸਪੈਕਟਰ, ਅਮਰਦੀਪ ਸਿੰਘ ਸਬ-ਇੰਸਪੈਕਟਰ ਨੇ ਦੋ ਵੱਖ ਵੱਖ ਕੰਪਨੀਆਂ ਦੀਆਂ ਬੱਸਾਂ ਜਿੰਨਾਂ ਵਿੱਚੋਂ ਇੱਕ ਚੰਡੀਗੜ ਤੋਂ ਬੀਕਾਨੇਰ ਅਤੇ ਇੱਕ ਚੰਡੀਗੜ ਤੋਂ ਜੈਪੁਰ ਨੂੰ ਜਾ ਰਹੀ ਸੀ, ਨੂੰ ਪਟਿਆਲਾ ਦੀ ਸਮਾਣਾ ਚੁੰਗੀ ਵਿਖੇ ਟ੍ਰੈਪ ਲਗਾ ਕੇ ਕਾਬੂ ਕੀਤਾ। ਜਿਸ ਮਗਰੋਂ ਇਨਾਂ ਬੱਸਾਂ ਕੋਲ ਪੂਰੇ ਕਾਗਜਾਤ ਅਤੇ ਪਰਮਿਟ ਨਾ ਹੋਣ ਤੇ ਮੋਟਾ ਜ਼ੁਰਮਾਨਾ ਕੀਤਾ ਗਿਆ।

ਚੇਅਰਮੈਨ ਹਡਾਣਾ  (Ranjodh Singh Hadana) ਨੇ ਕਿਹਾ ਕਿ ਹੁਣ ਮਹਿਕਮੇ ਵੱਲੋਂ ਕੁਝ ਖਾਸ ਟੀਮਾਂ ਗਠਨ ਕੀਤਾ ਗਿਆ ਹੈ। ਜਿਸ ਵਿੱਚ ਪੰਜਾਬ ਦੇ ਵੱਖ ਵੱਖ ਹਿੱਸਿਆ ਵਿੱਚ ਇਹ ਟੀਮਾਂ ਪੰਜਾਬ ਸਰਕਾਰ ਨੂੰ ਚੂਨਾ ਲਗਾ ਕੇ ਧਨਾਢ ਬਣ ਚੁੱਕੇ ਪ੍ਰਾਈਵੇਟ ਟਰਾਂਸਪੋਟਰਾਂ ਦੀ ਧੱਕੇਸ਼ਾਹੀ ਤੇ ਨੱਥ ਪਾਉਣਗੇ। ਉਨਾਂ ਕਿਹਾ ਕਿ ਨਜਾਇਜ਼ ਚੱਲਣ ਵਾਲੀਆਂ ਬੱਸਾਂ ਮਹਿਕਮੇ ਦਾ ਸਿਰ ਦਰਦ ਬਣ ਰਹੀਆਂ ਸਨ।

ਉਨਾਂ ਕਿਹਾ ਕਿ ਅਕਸਰ ਫੜੀਆਂ ਜਾ ਰਹੀਆਂ ਬੱਸਾਂ ਕੋਲ ਟੂਰਿਸਟ ਪਰਮਿਟ ਹੁੰਦਾ ਹੈ ਪਰ ਇਹ ਬੱਸਾਂ ਆਨਲਾਈਨ ਬੁਕਿੰਗ ਕਰ ਕੇ ਪੰਜਾਬ ਦੇ ਵੱਖ ਵੱਖ ਹਿੱਸਿਆ ਵਿੱਚੋਂ ਸਵਾਰੀਆਂ ਨੂੰ ਅੱਲਗ ਅੱਲਗ ਥਾਂਵਾਂ ਤੇ ਪਹੁੰਚਾਉਂਦੇ ਹਨ। ਇਸ ਤੋਂ ਇਲਾਵਾ ਇਹ ਬੱਸਾਂ ਕਾਫੀ ਵੱਡੀ ਤਾਦਾਦ ਵਿੱਚ ਸਾਮਾਨ ਦੀ ਢੋਆਂ ਢੋਆਈ ਵੀ ਕਰਦੀਆਂ ਹਨ। ਜਿਸ ਕਾਰਨ ਸਰਕਾਰੀ ਟਰਾਂਸਪੋਰਟ ਨੂੰ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ।

ਗੌਰਤਲਬ ਹੈ ਕਿ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਪਿਛਲੇ 6 ਤੋਂ 7 ਮਹੀਨਿਆਂ ਦੌਰਾਨ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਚੱਲ ਰਹੀ ਧੱਕੇਸ਼ਾਹੀ ਨੂੰ ਨੱਥ ਪਾਈ ਹੈ। ਚੇਅਰਮੈਨ ਨੇ ਕਿਹਾ ਕਿ ਹੁਣ ਗੈਰ ਕਾਨੂੰਨੀ ਬੱਸਾਂ ਚਲਾਉਣ ਵਾਲੇ ਅਤੇ ਸਰਕਾਰ ਨੂੰ ਮੋਟਾ ਚੂਨਾ ਵਾਲੇ ਟਰਾਂਸਪੋਰਟਰਾਂ ਨੂੰ ਕਿਸੇ ਵੀ ਹੀਲੇ ਬਖਸ਼ਿਆ ਨਹੀ ਜਾਵੇਗਾ।