ਉਤਰਾਖੰਡ, 24 ਨਵੰਬਰ 2025: Tehri Bus Accident: ਉਤਰਾਖੰਡ ਦੇ ਟਿਹਰੀ ‘ਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ 70 ਮੀਟਰ ਡੂੰਘੀ ਖੱਡ ‘ਚ ਡਿੱਗ ਗਈ | ਇਸ ਹਾਦਸੇ ‘ਚ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਮਰਨ ਵਾਲਿਆਂ ਦਾ ਅੰਕੜਾ ਵਧ ਸਕਦਾ ਹੈ | ਟਿਹਰੀ ਦੇ ਸੁਪਰਡੈਂਟ ਆਫ ਪੁਲਿਸ (ਐਸਪੀ) ਆਯੁਸ਼ ਅਗਰਵਾਲ ਨੇ ਹਾਦਸੇ ਦੀ ਪੁਸ਼ਟੀ ਕੀਤੀ, ਜੋ ਕਿ ਦੁਪਹਿਰ 12:30 ਵਜੇ ਦੇ ਕਰੀਬ ਵਾਪਰਿਆ। ਇਸ ਹਾਦਸੇ ‘ਚ 23 ਤੋਂ ਵੱਧ ਜਣੇ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ ਸੱਤ ਦੀ ਹਾਲਤ ਗੰਭੀਰ ਹੈ।
ਬੱਸ ਰਿਸ਼ੀਕੇਸ਼ ਦੇ ਦਯਾਨੰਦ ਆਸ਼ਰਮ ਤੋਂ ਕੁੰਜਾਪੁਰੀ ਮੰਦਰ ਜਾ ਰਹੀ ਸੀ। ਵਾਪਸ ਆਉਂਦੇ ਸਮੇਂ, ਕੁੰਜਾਪੁਰੀ-ਹਿੰਡੋਲਾਖਾਲ ਨੇੜੇ ਅਚਾਨਕ ਬ੍ਰੇਕ ਫੇਲ੍ਹ ਹੋ ਗਈ, ਅਤੇ ਡਰਾਈਵਰ ਨੇ ਬੱਸ ਦਾ ਕੰਟਰੋਲ ਗੁਆ ਦਿੱਤਾ।
ਨਰਿੰਦਰਨਗਰ ਪੁਲਿਸ ਸਟੇਸ਼ਨ ਦੇ ਸਬ-ਇੰਸਪੈਕਟਰ ਸੰਜੇ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਬੱਸ (UK14PA1769) ਦੇ ਅੰਦਰੋਂ ਲਾਸ਼ਾਂ ਕੱਢੀਆਂ ਗਈਆਂ। ਗੰਭੀਰ ਰੂਪ ‘ਚ ਜ਼ਖਮੀ ਚਾਰ ਜਣਿਆ ਨੂੰ ਰਿਸ਼ੀਕੇਸ਼ ਦੇ ਏਮਜ਼ ‘ਚ ਦਾਖਲ ਕਰਵਾਇਆ ਗਿਆ, ਜਦੋਂ ਕਿ 10 ਨੂੰ ਨਰਿੰਦਰਨਗਰ ਦੇ ਸ਼੍ਰੀ ਦੇਵ ਸੁਮਨ ਹਸਪਤਾਲ ਲਿਜਾਇਆ ਗਿਆ। ਪੰਜ ਮ੍ਰਿਤਕਾਂ ‘ਚ ਚਾਰ ਔਰਤਾਂ ਅਤੇ ਇੱਕ ਨੌਜਵਾਨ ਸ਼ਾਮਲ ਹੈ, ਹਾਲਾਂਕਿ ਮ੍ਰਿਤਕਾਂ ‘ਚੋਂ ਕਿਸੇ ਦੀ ਵੀ ਪਛਾਣ ਨਹੀਂ ਹੋ ਸਕੀ ਹੈ।
ਹਾਦਸੇ ਦੀ ਖ਼ਬਰ ਮਿਲਦੇ ਹੀ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਪੁਲਿਸ ਦੀ ਇੱਕ ਟੀਮ ਮੌਕੇ ‘ਤੇ ਪਹੁੰਚ ਗਈ। ਸੋਮਵਾਰ ਦੁਪਹਿਰ ਨੂੰ, ਜ਼ਿਲ੍ਹਾ ਕੰਟਰੋਲ ਰੂਮ, ਟੀਹਰੀ ਨੇ ਐਸਡੀਆਰਐਫ ਬਟਾਲੀਅਨ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਕਿ ਇੱਕ ਬੱਸ ਨਰਿੰਦਰਨਗਰ ਪੁਲਿਸ ਸਟੇਸ਼ਨ ਖੇਤਰ ਦੇ ਅਧੀਨ ਕੁੰਜਾਪੁਰੀ-ਹਿੰਡੋਲਾਖਾਲ ਦੇ ਨੇੜੇ 70 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ ਹੈ।
ਸਥਾਨਕ ਨਿਵਾਸੀਆਂ ਨੇ ਵੀ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਜ਼ਖਮੀਆਂ ਨੂੰ ਬੱਸ ‘ਚੋਂ ਕੱਢਣ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਸਨ।
Read More: ਦੋ ਬੱਸਾਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ, ਛੇ ਜਣਿਆਂ ਦੀ ਗਈ ਜਾਨ




