ਨੇਪਾਲ, 15 ਮਾਰਚ 2026: ਸ਼ਨੀਵਾਰ ਰਾਤ ਨੂੰ ਨੇਪਾਲ ਦੇ ਗੰਡਕੀ ਪ੍ਰਾਂਤ ਦੇ ਗੋਰਖਾ ਜ਼ਿਲ੍ਹੇ ‘ਚ ਭਾਰਤੀ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਖੱਡ ‘ਚ ਡਿੱਗ ਗਈ। ਇਸ ਹਾਦਸੇ ‘ਚ ਸੱਤ ਜਣਿਆਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ। ਇਹ ਸਾਰੇ ਯਾਤਰੀ ਮਨਕਾਮਨਾ ਮੰਦਰ ਤੋਂ ਵਾਪਸ ਆ ਰਹੇ ਸਨ।
ਪੁਲਿਸ ਦੇ ਮੁਤਾਬਕ, ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਮਾਈਕ੍ਰੋਬੱਸ ਮਨਕਾਮਨਾ ਮੰਦਰ ਤੋਂ ਵਾਪਸ ਆ ਰਹੀ ਸੀ ਜਦੋਂ ਇਹ ਸੜਕ ਤੋਂ ਫਿਸਲ ਗਈ ਅਤੇ 200 ਫੁੱਟ ਡੂੰਘੀ ਖੱਡ ‘ਚ ਡਿੱਗ ਗਈ।
ਸੱਤ ਜ਼ਖਮੀ ਯਾਤਰੀਆਂ ਨੂੰ ਇਲਾਜ ਲਈ ਭਰਤਪੁਰ ਦੇ ਚਿਤਵਾਨ ਮੈਡੀਕਲ ਕਾਲਜ ਭੇਜਿਆ ਗਿਆ। ਪੁਲਿਸ ਨੇ ਕਿਹਾ ਕਿ ਬੱਸ ‘ਚ ਇੱਕ ਦਰਜਨ ਤੋਂ ਵੱਧ ਯਾਤਰੀ ਸਵਾਰ ਸਨ।
ਪ੍ਰਸ਼ਾਸਨ ਦੇ ਮੁਤਾਬਕ, ਬੱਸ ਮਨਕਾਮਨਾ ਮੰਦਰ ਤੋਂ ਤਨਹੁਨ ਜ਼ਿਲ੍ਹੇ ਦੇ ਅੰਬੂਖੈਰੇਨੀ ਖੇਤਰ ਜਾ ਰਹੀ ਸੀ। ਬਚਾਅ ਕਾਰਜ ਦੇਰ ਰਾਤ ਤੱਕ ਜਾਰੀ ਰਹੇ। ਪੁਲਿਸ ਨੇ ਕਿਹਾ ਕਿ ਹਾਦਸੇ ਦੇ ਹੋਰ ਕਾਰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਗੋਰਖਾ ਜ਼ਿਲ੍ਹਾ ਟ੍ਰੈਫਿਕ ਪੁਲਿਸ ਦਫ਼ਤਰ ਦੇ ਮੁਖੀ ਸੂਰਜ ਅਰਿਆਲ ਨੇ ਕਿਹਾ ਕਿ ਮ੍ਰਿਤਕਾਂ ‘ਚ ਦੋ ਔਰਤਾਂ ਅਤੇ ਪੰਜ ਪੁਰਸ਼ ਸ਼ਾਮਲ ਹਨ, ਮ੍ਰਿਤਕ ਸਾਰੇ ਭਾਰਤੀ ਨਾਗਰਿਕ ਹਨ। ਜ਼ਿਲ੍ਹਾ ਪੁਲਿਸ ਮੁਖੀ ਭਰਤ ਬਹਾਦੁਰ ਬੀ.ਕੇ. ਦੇ ਅਨੁਸਾਰ, ਮ੍ਰਿਤਕਾਂ ਦੀ ਪਛਾਣ ਮੁਥੂ ਕੁਮਾਰ (58), ਅਨਾਮਾਲਿਕ (58), ਮੀਨਾਕਸ਼ੀ (59), ਸ਼ਿਵਗਾਮੀ (53), ਵਿਜੇਲ (57), ਮੀਨਾ (58) ਅਤੇ ਤਮਿਲਰਾਸੀ (60) ਵਜੋਂ ਹੋਈ ਹੈ। ਹਿਮਾਲੀਅਨ ਟਾਈਮਜ਼ ਦੇ ਮੁਤਾਬਕ ਇਲੈਕਟ੍ਰਿਕ ਬੱਸ ਦਾ ਡਰਾਈਵਰ ਵਾਲ-ਵਾਲ ਬਚ ਗਿਆ, ਜਦੋਂ ਕਿ ਉਸਦਾ ਸਹਾਇਕ ਹਾਦਸੇ ‘ਚ ਜ਼ਖਮੀ ਹੋ ਗਿਆ।
Read More: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਧੂ ਮਲਹੋਤਰਾ ਦਾ 72 ਸਾਲ ਦੀ ਉਮਰ ‘ਚ ਦੇਹਾਂਤ




