July 5, 2024 3:06 am
Pravesh Shukla

ਸਿੱਧੀ ਪਿਸ਼ਾਬ ਕਾਂਡ ਦੇ ਮੁਲਜ਼ਮ ਪ੍ਰਵੇਸ਼ ਸ਼ੁਕਲਾ ਦੇ ਘਰ ‘ਤੇ ਚੱਲੇਗਾ ਬੁਲਡੋਜ਼ਰ, ਭਾਜਪਾ ‘ਤੇ ਵਰ੍ਹੇ ਸਾਬਕਾ CM ਕਮਲਨਾਥ

ਚੰਡੀਗੜ੍ਹ, 05 ਜੁਲਾਈ 2023: ਮੱਧ ਪ੍ਰਦੇਸ਼ ਦੇ ਸਿੱਧੀ ਵਿੱਚ ਆਦਿਵਾਸੀ ਨੌਜਵਾਨ ‘ਤੇ ਪਿਸ਼ਾਬ ਕਰਨ ਦੇ ਦੋਸ਼ ਵਿੱਚ ਪ੍ਰਵੇਸ਼ ਸ਼ੁਕਲਾ (Pravesh Shukla) ਨੂੰ ਗ੍ਰਿਫਤਾਰ ਕਰ ਲਿਆ ਹੈ। ਰਾਜ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਇਸ ਘਟਨਾ ਨੂੰ ਲੈ ਕੇ ਕਿਹਾ ਕਿ ਇਹ ਕਾਰਾ ਬਹੁਤ ਹੀ ਘਿਨੌਣਾ ਅਤੇ ਨਿੰਦਣਯੋਗ ਹੈ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਇਹ ਭਾਜਪਾ ਦੀ ਸਰਕਾਰ ਹੈ, ਕਾਨੂੰਨ ਦਾ ਰਾਜ ਹੈ। ਘਟਨਾ ਦੇ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਦੇ ਇਸ਼ਾਰੇ ‘ਤੇ ਐਨਐਸਏ ਦੀ ਕਾਰਵਾਈ ਅਤੇ ਕਾਨੂੰਨੀ ਕਾਰਵਾਈ ਕਰਦਿਆਂ ਉਸ ਨੂੰ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸਦੀ ਜਾਇਦਾਦ ‘ਤੇ ਵੀ ਬੁਲਡੋਜ਼ਰ ਚੱਲੇਗਾ।

ਦੂਜੇ ਪਾਸੇ ਸਿੱਧੀ ਦੇ ਪਿਸ਼ਾਬ ਦੀ ਘਟਨਾ ‘ਤੇ ਸਾਬਕਾ ਸੀਐਮ ਕਮਲਨਾਥ ਨੇ ਕਿਹਾ ਕਿ ‘ਅੱਜ ਮੱਧ ਪ੍ਰਦੇਸ਼ ਦੇ ਆਦਿਵਾਸੀ ਭੈਣਾਂ-ਭਰਾਵਾਂ ਦੇ ਅਪਮਾਨ ਦੀ ਘਟਨਾ ਤੋਂ ਮੇਰਾ ਮਨ ਬਹੁਤ ਦੁਖੀ ਹੈ। ਸਿੱਧੀ ਜ਼ਿਲੇ ‘ਚ ਇਕ ਆਦੀਵਾਸੀ ਨੌਜਵਾਨ ‘ਤੇ ਪਿਸ਼ਾਬ ਕਰਨ ਵਾਲੇ ਭਾਜਪਾ ਨੇਤਾ ਦੀ ਵੀਡੀਓ ਦੇਖ ਕੇ ਰੂਹ ਕੰਬ ਗਈ। ਕੀ ਸੱਤਾ ਦੇ ਨਸ਼ੇ ਨੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਇਸ ਹੱਦ ਤੱਕ ਚੂਰ ਕਰ ਦਿੱਤਾ ਹੈ ਕਿ ਉਹ ਮਨੁੱਖ ਨੂੰ ਮਨੁੱਖ ਨਹੀਂ ਸਮਝ ਰਹੇ। ਇਹ ਘਟਨਾ ਕਬਾਇਲੀ ਪਛਾਣ ‘ਤੇ ਹਮਲਾ ਹੈ। ਇਹ ਘਟਨਾ ਬਿਰਸਾ ਮੁੰਡਾ ਵਰਗੇ ਮਹਾਪੁਰਖਾਂ ਦਾ ਅਪਮਾਨ ਹੈ।

ਕਾਂਗਰਸ ਪਾਰਟੀ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਭਾਜਪਾ ਨਾਲ ਹੀ ਸਬੰਧਿਤ ਹੈ ਅਤੇ ਪਾਰਟੀ ਦੇ ਵਿਧਾਇਕ ਕੇਦਾਰਨਾਥ ਸ਼ੁਕਲਾ ਦਾ ਪ੍ਰਤੀਨਿਧੀ ਹੈ। ਦੂਜੇ ਪਾਸੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਅਪਰਾਧੀ ਸਿਰਫ਼ ਅਪਰਾਧੀ ਹੁੰਦਾ ਹੈ ਉਸਦੀ ਕੋਈ ਪਾਰਟੀ, ਧਰਮ , ਜਾਤੀ ਨਹੀਂ ਹੁੰਦੀ | ਮੁੱਖ ਮੰਤਰੀ ਨੇ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਸੀ ਕਿ ਮੁਲਜ਼ਮ (Pravesh Shukla) ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਐਨਐਸਏ ਲਗਾਇਆ ਜਾਵੇ।