ਚੰਡੀਗੜ੍ਹ, 24 ਮਾਰਚ 2025: ਨਾਗਪੁਰ ਹਿੰਸਾ (Nagpur violence) ਦੇ ਮੁੱਖ ਮੁਲਜ਼ਮ ਫਹੀਮ ਖਾਨ ਦੇ ਘਰ ਦਾ ਨਗਰ ਨਿਗਮ ਦੇ ਅਧਿਕਾਰੀਆਂ ਨੇ ਗੈਰ-ਕਾਨੂੰਨੀ ਹਿੱਸਾ ਢਾਹ ਦਿੱਤਾ ਹੈ। ਫਹੀਮ ਖਾਨ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੋਟਿਸ ਤੋਂ ਬਾਅਦ ਵੀ ਉਨ੍ਹਾਂ ਨੇ ਗੈਰ-ਕਾਨੂੰਨੀ ਢਾਂਚਾ ਨਹੀਂ ਹਟਾਇਆ। ਫਹੀਮ ਘੱਟ ਗਿਣਤੀ ਡੈਮੋਕ੍ਰੇਟਿਕ ਪਾਰਟੀ (ਐਮਡੀਪੀ) ਦੇ ਆਗੂ ਵੀ ਹਨ।
ਫਹੀਮ ਖਾਨ 17 ਮਾਰਚ ਨੂੰ ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ‘ਚ ਹੋਈ ਹਿੰਸਾ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ 100 ਤੋਂ ਵੱਧ ਜਣਿਆਂ ‘ਚ ਸ਼ਾਮਲ ਹੈ। ਮੀਡੀਆ ਖ਼ਬਰਾਂ ਮੁਤਾਬਕ ਨਾਗਪੁਰ ਨਗਰ ਨਿਗਮ ਨੇ ਕੁਝ ਦਿਨ ਪਹਿਲਾਂ ਉਸਨੂੰ ਇੱਕ ਨੋਟਿਸ ਜਾਰੀ ਕੀਤਾ ਸੀ। ਇਸ ‘ਚ ਕਈ ਕਮੀਆਂ ਅਤੇ ਘਰ ਦੇ ਬਿਲਡਿੰਗ ਪਲਾਨ ਦੀ ਪ੍ਰਵਾਨਗੀ ਨਾ ਹੋਣ ਦਾ ਹਵਾਲਾ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਇਹ ਘਰ ਯਸ਼ੋਧਰਾ ਨਗਰ ਇਲਾਕੇ ਦੇ ਸੰਜੇ ਬਾਗ ਕਲੋਨੀ ‘ਚ ਸਥਿਤ ਹੈ। ਇਹ ਘਰ ਫਹੀਮ ਖਾਨ ਦੀ ਪਤਨੀ ਦੇ ਨਾਮ ‘ਤੇ ਰਜਿਸਟਰਡ ਹੈ। ਐਮਡੀਪੀ ਸ਼ਹਿਰ ਦਾ ਮੁਖੀ ਇਸ ਸਮੇਂ ਜੇਲ੍ਹ ‘ਚ ਹਨ।
ਕੀ ਹੈ ਪੂਰਾ ਮਾਮਲਾ ?
17 ਮਾਰਚ ਨੂੰ ਇਹ ਅਫਵਾਹ ਫੈਲਣ ਤੋਂ ਬਾਅਦ ਹਿੰਸਾ ਭੜਕ ਗਈ ਸੀ ਕਿ ਵਿਸ਼ਵ ਹਿੰਦੂ ਪ੍ਰੀਸ਼ਦ (VHP) ਦੀ ਅਗਵਾਈ ਹੇਠ ਛਤਰਪਤੀ ਸੰਭਾਜੀਨਗਰ ‘ਚ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ਇਨ੍ਹਾਂ ਝੜੱਪਾਂ ਕਾਰਨ ਸ਼ਹਿਰ ਦੇ ਕਈ ਹਿੱਸਿਆਂ ‘ਚ ਪੱਥਰਬਾਜ਼ੀ ਅਤੇ ਅੱਗਜ਼ਨੀ ਹੋਈ ਜਿਸ ‘ਚ ਤਿੰਨ ਡਿਪਟੀ ਕਮਿਸ਼ਨਰ ਆਫ਼ ਪੁਲਿਸ ਪੱਧਰ ਦੇ ਅਧਿਕਾਰੀਆਂ ਸਮੇਤ 33 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਸਨ।
ਇਸ ਦੌਰਾਨ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸ਼ਨੀਵਾਰ ਨੂੰ ਕਿਹਾ ਕਿ ਹਿੰਸਾ (Nagpur violence) ਦੌਰਾਨ ਨੁਕਸਾਨੀ ਗਈ ਜਾਇਦਾਦ ਦੀ ਕੀਮਤ ਦੰਗਾਕਾਰੀਆਂ ਤੋਂ ਵਸੂਲ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਭੁਗਤਾਨ ਨਾ ਕਰਨ ਦੀ ਸੂਰਤ ‘ਚ, ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਜਾਵੇਗਾ ਅਤੇ ਨੁਕਸਾਨ ਦੀ ਭਰਪਾਈ ਲਈ ਵੇਚ ਦਿੱਤਾ ਜਾਵੇਗਾ।
Read More: ਮਹਾਰਾਸ਼ਟਰ ‘ਚ ਔਰੰਗਜ਼ੇਬ ਦਾ ਮਕਬਰਾ ਹਟਾਉਣ ਦੀ ਉੱਠੀ ਮੰਗ, ਮਕਬਰੇ ਨੂੰ ਟੀਨ ਦੀਆਂ ਚਾਦਰਾਂ ਨਾਲ ਢੱਕਿਆ