26 ਸਤੰਬਰ 2024: ਬੁਢਲਾਡਾ ਵਿਖੇ ਗਊ ਰੱਖਿਆ ਦਲ ਵੱਲੋਂ ਸਵੇਰ ਦੇ ਸਮੇ ਗਊਆਂ ਦਾ ਭਰਿਆ ਟਰੱਕ ਰੋਕ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਪੁਲਿਸ ਵੱਲੋਂ ਟਰੱਕ ਵਿੱਚੋਂ ਗਊਆਂ ਨੂੰ ਬਰਾਮਦ ਕਰਕੇ ਗਊਸ਼ਾਲਾ ਦੇ ਵਿੱਚ ਛੱਡਿਆ ਗਿਆ ਪੁਲਿਸ ਵੱਲੋਂ ਗਊ ਰੱਖਿਆ ਦਲ ਦੇ ਆਗੂਆਂ ਦੇ ਬਿਆਨ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਿਸ ਤੋਂ ਬਾਅਦ ਗਊ ਰੱਖਿਆ ਦਲ ਦੇ ਆਗੂਆਂ ਵੱਲੋਂ ਇਸ ਮਾਮਲੇ ਵਿੱਚ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ, ਗਊ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਸਤੀਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਕੋਲ ਜਾਣਕਾਰੀ ਸੀ ਕਿ ਕੁਝ ਵਿਅਕਤੀ ਗਊਆਂ ਦਾ ਟਰੱਕ ਭਰ ਕੇ ਬੁੱਚੜਖਾਨੇ ਲੈ ਜਾ ਰਹੇ ਹਨ ਜਿਸ ਦੇ ਤਹਿਤ ਉਹਨਾਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਉਕਤ ਟਰੱਕ ਦਾ ਪਿੱਛਾ ਕੀਤਾ ਗਿਆ ਅਤੇ ਬੁਢਲਾਡਾ ਵਿਖੇ ਪੁਲਿਸ ਨੂੰ ਜਾਣਕਾਰੀ ਦੇ ਕੇ ਇਸ ਟਰੱਕ ਨੂੰ ਰੋਕਿਆ ਗਿਆ,ਜਿਸ ਵਿੱਚ ਗਊਆਂ ਭਰੀਆਂ ਹੋਈਆਂ ਸਨ|
ਉਹਨਾਂ ਦੱਸਿਆ ਕਿ ਕੁਝ ਲੋਕ ਗਊਆਂ ਦੀ ਤਸਕਰੀ ਕਰਕੇ ਬੁੱਚੜਖਾਨੇ ਲੈ ਜਾਂਦੇ ਹਨ ਅਤੇ ਗਊ ਰੱਖਿਆ ਦਲ ਵੱਲੋਂ ਗਊ ਮਾਤਾ ਨੂੰ ਆਪਣੀ ਮਾਂ ਸਮਝਦੇ ਹੋਏ ਇਸ ਦੀ ਰੱਖਿਆ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਟਰੱਕ ਵਿੱਚੋਂ ਗਊਆਂ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਇਹਨਾਂ ਨੂੰ ਗਊਸ਼ਾਲਾ ਵਿਖੇ ਛੱਡਿਆ ਜਾਵੇਗਾ ਇਸ ਦੌਰਾਨ ਉਹਨਾਂ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਗਊਆਂ ਦੀ ਤਸਕਰੀ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਬੁਢਲਾਡਾ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਗਊਆਂ ਦਾ ਟਰੱਕ ਭਰ ਕੇ ਲਿਜਾ ਰਹੇ ਹਨ ਜਿਸ ਤਹਿਤ ਪੁਲਿਸ ਵੱਲੋਂ ਉਹਨਾਂ ਨੂੰ ਰੋਕ ਕੇ ਗਊਆਂ ਨੂੰ ਛੁਡਵਾਇਆ ਗਿਆ ਹੈ ਅਤੇ ਟਰੱਕ ਨੂੰ ਪੁਲਿਸ ਥਾਣੇ ਲਿਜਾ ਕੇ ਉਕਤ ਵਿਅਕਤੀਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ।