ਚੰਡੀਗੜ੍ਹ, 03 ਮਾਰਚ 2023: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ਨਾਲ 16ਵੀਂ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ (Budget Session) ਦੀ ਕਾਰਵਾਈ ਸ਼ੁਰੂ ਹੋਈ| ਇਸਦੇ ਨਾਲ ਹੀ ਹੁਣ ਪਿਛਲੇ ਸਮੇਂ ਦੌਰਾਨ ਵਿੱਛੜੀਆਂ ਸ਼ਖਸ਼ੀਅਤਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਸਦਨ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਇਸ ਦੌਰਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਜਦੋਂ ਭਾਸ਼ਣ ਦੇ ਰਹੇ ਸਨ ਤਾਂ ਵਿਰੋਧੀ ਧਿਰ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਕਾਂਗਰਸੀਆਂ ਨੇ ਪ੍ਰਿੰਸੀਪਲਾਂ ਦੇ ਮੁੱਦੇ ਹੰਗਾਮਾ ਕਰ ਦਿੱਤਾ ਅਤੇ ਵਾਕਆਉਟ ਕਰ ਦਿੱਤਾ।
ਕਾਂਗਰਸ (Congress) ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਨੇ ਕਿਹਾ ਮੇਰੀ ਸਰਕਾਰ ਹੈ ਪਰ ਪਹਿਲਾਂ ਮੁੱਖ ਮੰਤਰੀ ਪੰਜਾਬ ਨੂੰ ਮੰਨ ਲੈਣਾ ਚਾਹੀਦਾ ਹੈ ਕਿ ਉਹ ਰਾਜਪਾਲ ਹਨ। ਕਿਉਂਕਿ ਰਾਜਪਾਲ ਨੇ ਪੱਤਰ ਵਿੱਚ ਪੰਜ ਸਵਾਲ ਪੁੱਛੇ ਹਨ ਪਰ ਮੁੱਖ ਮੰਤਰੀ ਮਾਨ ਨੇ ਕੋਈ ਜਵਾਬ ਨਹੀਂ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਉਹ ਰਾਜਪਾਲ ਨਹੀਂ ਮੰਨਦੇ, ਪਰ ਤੁਸੀਂ ਮੇਰੀ ਸਰਕਾਰ ਬੋਲ ਰਹੇ ਹੋ |
ਦੂਜੇ ਪਾਸੇ ਸੈਸ਼ਨ ਦੀ ਕਾਰਵਾਈ ਤੋਂ ਬਾਅਦ ‘ਆਪ’ ਵਿਧਾਇਕਾਂ ਬ੍ਰਹਮ ਸ਼ੰਕਰ ਜ਼ਿੰਪਾ ਅਤੇ ਲਾਲਚੰਦ ਕਟਾਰੂਚੱਕ ਨੇ ਕਿਹਾ ਕਿ ਕਾਂਗਰਸ (Congress) ਕੋਲ ਕੋਈ ਮੁੱਦਾ ਹੀ ਨਹੀਂ ਹੈ। ਇਸ ਕਾਰਨ ਉਹ ਹੰਗਾਮਾ ਕਰਕੇ ਹੀ ਵਾਕਆਉਟ ਕਰਦੇ ਹਨ। ਬ੍ਰਹਮ ਸ਼ੰਕਰ ਜ਼ਿੰਪਾ ਨੇ ਕਿਹਾ ਕਿ ਰਾਜਪਾਲ ਦੇ ਭਾਸ਼ਣ ਦੌਰਾਨ ਕਾਂਗਰਸੀ ਵਿਧਾਇਕਾਂ ਵੱਲੋਂ ਮਚਾਏ ਗਏ ਹੰਗਾਮੇ ਨੇ ਲੋਕਾਂ ਵਿੱਚ ਉਨ੍ਹਾਂ ਦਾ ਅਸਲੀ ਅਕਸ ਉਜਾਗਰ ਕਰ ਦਿੱਤਾ ਹੈ।