Women wrestler

ਪਹਿਲਵਾਨਾਂ ਦੇ ਧਰਨੇ ‘ਤੇ ਬ੍ਰਿਜ ਭੂਸ਼ਣ ਦਾ ਬਿਆਨ, ਕਿਹਾ- ਮੈਂ ਮੂੰਹ ਖੋਲ੍ਹਾਂਗਾ ਤਾਂ ਸੁਨਾਮੀ ਆ ਜਾਵੇਗੀ

ਚੰਡੀਗੜ੍ਹ, 20 ਜਨਵਰੀ 2023: ਦਿੱਲੀ ਵਿਖੇ ਜੰਤਰ-ਮੰਤਰ ‘ਤੇ 18 ਜਨਵਰੀ ਤੋਂ ਸ਼ੁਰੂ ਹੋਇਆ ਭਾਰਤੀ ਪਹਿਲਵਾਨਾਂ ਦਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਹੈ| ਹੁਣ ਕਈ ਹੋਰ ਪਹਿਲਵਾਨ ਅਤੇ ਕੁਸ਼ਤੀ ਕੋਚ ਧਰਨੇ ਦੇ ਸਮਰਥਨ ਵਿਚ ਆ ਗਏ ਹਨ। ਕਈ ਸਿਆਸਤਦਾਨਾਂ ਨੇ ਵੀ ਵਿਰੋਧ ਕਰ ਰਹੇ ਪਹਿਲਵਾਨਾਂ ਦਾ ਸਮਰਥਨ ਕੀਤਾ ਹੈ।

ਪਹਿਲਵਾਨਾਂ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ (Brij Bhushan Singh) ‘ਤੇ ਮਨਮਾਨੀ ਕਰਨ ਅਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਪਹਿਲਵਾਨਾਂ ਦੀ ਮੰਗ ਹੈ ਕਿ ਬ੍ਰਿਜ ਭੂਸ਼ਨ ਸਿੰਘ ਨੂੰ ਹਟਾ ਕੇ ਕੁਸ਼ਤੀ ਸੰਘ ਨੂੰ ਖਤਮ ਕਰਕੇ ਨਵੀਂ ਐਸੋਸੀਏਸ਼ਨ ਬਣਾਉਣ ਦਾ ਫੈਸਲਾ ਕੀਤਾ ਜਾਵੇ।

ਇਸ ਦੌਰਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ (Brij Bhushan Singh) ਨੇ ਮੀਡੀਆ ਨੂੰ ਕਿਹਾ ਕਿ ਜੇਕਰ ਉਹ ਮੂੰਹ ਖੋਲ੍ਹਣਗੇ ਤਾਂ ਸੁਨਾਮੀ ਆ ਜਾਵੇਗੀ। ਬ੍ਰਿਜ ਭੂਸ਼ਣ ਅਸਤੀਫਾ ਨਾ ਦੇਣ ‘ਤੇ ਅੜੇ ਹੋਏ ਹਨ। ਉਨ੍ਹਾਂ ਸ਼ਾਮ ਤੱਕ ਪ੍ਰੈੱਸ ਕਾਨਫਰੰਸ ਕਰਨ ਦੀ ਗੱਲ ਵੀ ਆਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰੈਸ ਕਾਨਫਰੰਸ ਵਿੱਚ ਉਹ ਪਹਿਲਵਾਨਾਂ ਦੇ ਪ੍ਰਦਰਸ਼ਨ ਪਿੱਛੇ ਸਿਆਸੀ ਸਾਜ਼ਿਸ਼ ਦਾ ਪਰਦਾਫਾਸ਼ ਕਰਨਗੇ।

ਇਸ ਪ੍ਰਦਰਸ਼ਨ ਨੂੰ ਖਤਮ ਕਰਨ ਲਈ ਖੇਡ ਮੰਤਰਾਲੇ ਨੇ ਪਹਿਲਵਾਨਾਂ ਨਾਲ ਵੀ ਗੱਲਬਾਤ ਕੀਤੀ ਪਰ ਗੱਲਬਾਤ ਤੋਂ ਬਾਅਦ ਵੀ ਪਹਿਲਵਾਨ ਸੰਤੁਸ਼ਟ ਨਹੀਂ ਹੋਏ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਹੈ। ਦੂਜੇ ਪਾਸੇ ਪਹਿਲਵਾਨਾਂ ਨੇ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀਟੀ ਊਸ਼ਾ ਨੂੰ ਪੱਤਰ ਲਿਖ ਕੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ।

ਪਹਿਲਵਾਨਾਂ ਨੇ ਪੱਤਰ ‘ਚ ਬ੍ਰਿਜ ਭੂਸ਼ਣ ਸਿੰਘ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ ਅਤੇ ਕੁਸ਼ਤੀ ਸੰਘ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਜਿਨ੍ਹਾਂ ਪਹਿਲਵਾਨਾਂ ਨੇ ਪੀਟੀ ਊਸ਼ਾ ਨੂੰ ਚਿੱਠੀਆਂ ਲਿਖੀਆਂ ਹਨ ਉਨ੍ਹਾਂ ਵਿੱਚ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ, ਦੀਪਕ ਪੂਨੀਆ ਅਤੇ ਰਵੀ ਦਹੀਆ ਸ਼ਾਮਲ ਹਨ।

Image

Scroll to Top