ਨਵੀਂ ਦਿੱਲੀ, 18 ਜੁਲਾਈ 2023: ਰਾਊਸ ਐਵੇਨਿਊ ਅਦਾਲਤ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਸ਼ਰਨ (Brij Bhushan Sharan) ਅਤੇ ਸਕੱਤਰ ਵਿਨੋਦ ਤੋਮਰ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਦਿੱਲੀ ਪੁਲਿਸ ਵੱਲੋਂ ਸਰਕਾਰੀ ਵਕੀਲ ਅਤੁਲ ਸ੍ਰੀਵਾਸਤਵ ਪੇਸ਼ ਹੋਏ। ਅਦਾਲਤ ਨੇ ਪੁੱਛਿਆ- ਜ਼ਮਾਨਤ ਲਈ ਤੁਹਾਡੀਆਂ ਦਲੀਲਾਂ ਕੀ ਹਨ? ਦਿੱਲੀ ਪੁਲਿਸ ਨੇ ਕਿਹਾ- ਅਸੀਂ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ।
ਜ਼ਮਾਨਤ ਦੇਣ ਵਿੱਚ ਇੱਕ ਸ਼ਰਤ ਹੋਣੀ ਚਾਹੀਦੀ ਹੈ। ਇਸ ‘ਤੇ ਅਦਾਲਤ ਨੇ ਬ੍ਰਿਜ ਭੂਸ਼ਣ ਨੂੰ 20 ਜੁਲਾਈ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਕਿਹਾ ਕਿ ਉਹ ਬਹਿਸ ਸੁਣਨ ਤੋਂ ਬਾਅਦ 20 ਜੁਲਾਈ ਨੂੰ ਨਿਯਮਤ ਜ਼ਮਾਨਤ ‘ਤੇ ਫੈਸਲਾ ਲਵੇਗੀ। ਬ੍ਰਿਜ ਭੂਸ਼ਣ ਤੋਂ ਇਲਾਵਾ ਅਦਾਲਤ ਨੇ ਦੂਜੇ ਮੁਲਜ਼ਮ ਵਿਨੋਦ ਤੋਮਰ ਨੂੰ ਵੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। 25 ਹਜ਼ਾਰ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ 6 ਬਾਲਗ ਪਹਿਲਵਾਨਾਂ ਵੱਲੋਂ ਦਾਇਰ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਸੁਣਵਾਈ ਹੋਈ। ਇਸ ਤੋਂ ਪਹਿਲਾਂ ਅਦਾਲਤ ਨੇ 7 ਜੁਲਾਈ ਨੂੰ ਸੰਮਨ ਜਾਰੀ ਕਰਕੇ ਦੋਵਾਂ ਨੂੰ 18 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। ਇਸ ‘ਤੇ ਬ੍ਰਿਜ ਭੂਸ਼ਣ (Brij Bhushan Sharan) ਨੇ ਕਿਹਾ ਸੀ ਕਿ ਉਹ ਅਦਾਲਤ ‘ਚ ਜ਼ਰੂਰ ਪੇਸ਼ ਹੋਣਗੇ।
ਇਸ ਤੋਂ ਪਹਿਲਾਂ ਇਸ ਮਾਮਲੇ ਦੀ ਸੁਣਵਾਈ 1 ਜੁਲਾਈ ਨੂੰ ਹੋਈ ਸੀ। ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਜਿਨਸੀ ਸ਼ੋਸ਼ਣ ਮਾਮਲੇ ‘ਚ ਦਾਇਰ ਚਾਰਜਸ਼ੀਟ ‘ਤੇ ਵਿਚਾਰ ਕਰਨ ਲਈ 7 ਜੁਲਾਈ ਦੀ ਤਾਰੀਖ਼ ਤੈਅ ਕੀਤੀ ਸੀ। ਜਿਕਰਯੋਗ ਹੈ ਕਿ 15 ਜੂਨ ਨੂੰ ਦਿੱਲੀ ਪੁਲਿਸ ਨੇ ਰਾਊਸ ਐਵੇਨਿਊ ਕੋਰਟ ਵਿੱਚ ਚਾਰਜਸ਼ੀਟ ਪੇਸ਼ ਕੀਤੀ ਸੀ। ਬ੍ਰਿਜ ਭੂਸ਼ਣ ਤੋਂ ਇਲਾਵਾ WFI ਦੇ ਸਹਾਇਕ ਸਕੱਤਰ ਵਿਨੋਦ ਤੋਮਰ ਦਾ ਨਾਂ ਵੀ ਮੁਲਜ਼ਮਾਂ ਵਿੱਚ ਸ਼ਾਮਲ ਹੈ। ਪਹਿਲਵਾਨਾਂ ਵੱਲੋਂ ਮੈਜਿਸਟਰੇਟ ਦੇ ਸਾਹਮਣੇ ਦਿੱਤੇ ਬਿਆਨ ਨੂੰ ਚਾਰਜਸ਼ੀਟ ਵਿੱਚ ਅਹਿਮ ਆਧਾਰ ਮੰਨਿਆ ਗਿਆ ਹੈ।