ਚੰਡੀਗੜ੍ਹ, 11 ਨਵੰਬਰ 2023: ਪੰਜਾਬ ਦੇ ਮਾਲ, ਮੁੜ ਵਸੇਬਾ, ਆਫਤ ਪ੍ਰਬੰਧਨ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਸਬੰਧੀ ਦੁਨੀਆਂ ਭਰ ਵਿਚ ਰਹਿੰਦੇ ਸਾਰੇ ਪੰਜਾਬੀਆਂ ਨੂੰ ਦਿਲੋਂ ਵਧਾਈ ਦਿੱਤੀ ਹੈ।
ਉਨ੍ਹਾਂ ਆਪਣੇ ਸੰਦੇਸ਼ ਵਿਚ ਕਿਹਾ ਕਿ ਇਹ ਤਿਉਹਾਰ ਝੂਠ ’ਤੇ ਸੱਚ, ਅਧਰਮ ’ਤੇ ਧਰਮ ਅਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਦੇਸ਼ ਦੀ ਸਭਿਆਚਾਰਕ ਵਿਰਾਸਤ ਦੀਆਂ ਕਦਰਾਂ ਕੀਮਤਾਂ ਅਤੇ ਵਿਚਾਰਾਂ ਨੂੰ ਦਰਸਾਉਂਦਾ ਹੈ।
ਉਨ੍ਹਾਂ ਨੇ ਵਾਤਾਵਰਣ ਨੂੰ ਸੁਰੱਖਿਅਤ ਬਨਾਉਣ ਲਈ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਕਿਉਂ ਕਿ ਪ੍ਰਦੂਸ਼ਣ ਦੀ ਸਮੱਸਿਆ ਬਹੁਤ ਗੰਭੀਰ ਹੈ ਅਤੇ ਇਹ ਸਾਨੂੰ ਸਭਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪ੍ਰਦੂਸ਼ਣ ਦੀ ਰੋਕਥਾਮ ਲਈ ਭਰਪੂਰ ਤੇ ਸਾਰਥਕ ਯਤਨ ਕਰ ਰਹੀ ਹੈ ਅਤੇ ਇਸ ਕਾਰਜ ਲਈ ਲੋਕ ਖੁਦ ਅੱਗੇ ਆ ਕੇ ਸਰਕਾਰ ਦਾ ਸਾਥ ਦੇਣ।
ਜਿੰਪਾ ਨੇ ਸਾਰੇ ਦੇਸ਼ ਵਾਸੀਆਂ ਖਾਸ ਤੌਰ ’ਤੇ ਸਿੱਖ ਕੌਮ ਨੂੰ ਇਤਿਹਾਸਕ ‘ਬੰਦੀ ਛੋੜ ਦਿਵਸ’ ਮੌਕੇ ਵੀ ਵਧਾਈ ਦਿੱਤੀ ਹੈ। ਇਸ ਦਿਨ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਨੇ ਸਾਲ 1612 ਦੀਵਾਲੀ ਵਾਲੇ ਦਿਨ ਗਵਾਲੀਅਰ ਦੇ ਕਿਲੇ ਤੋਂ 52 ਹਿੰਦੂ ਰਾਜਿਆਂ ਦੀ ਰਿਹਾਈ ਕਰਵਾਈ ਸੀ।
ਜਿੰਪਾ ਨੇ ਸੂਬੇ ਦੇ ਲੋਕਾਂ ਦੀ ਭਲਾਈ ਤੇ ਚੰਗੀ ਸਿਹਤ ਲਈ ਅਰਦਾਸ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਇਹ ਤਿਉਹਾਰ ਫਿਰਕੂ ਸਦਭਾਵਨਾ, ਭਾਈਚਾਰਕ ਸਾਂਝ, ਸ਼ਾਂਤੀ ਅਤੇ ਧਰਮ ਨਿਰਪੱਖਤਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰੇਗਾ।