ਫਤਿਹਗੜ੍ਹ ਸਾਹਿਬ, 27 ਸਤੰਬਰ 2023: ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ (Bram Shankar Jimpa) ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਨੇੜੇ ਸੰਗਤਾਂ ਦੀ ਸਹੂਲਤ ਲਈ 7.46 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਟਾਇਲਟ ਬਲਾਕ ਦਾ ਨੀਂਹ ਪੱਥਰ ਰੱਖਿਆ। ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਰੋਜ਼ਾਨਾ ਬਹੁਤ ਸਾਰੇ ਸ਼ਰਧਾਲੂ ਫਤਹਿਗੜ੍ਹ ਸਾਹਿਬ ਆਉਂਦੇ ਹਨ।
ਸ਼ਹੀਦੀ ਸਭਾ ਵਿਚ ਇਹ ਗਿਣਤੀ ਲੱਖਾਂ ਤੱਕ ਪੁੱਜ ਜਾਂਦੀ ਹੈ। ਇਸ ਨੂੰ ਵੇਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਇਕ ਟਾਇਲਟ ਬਲਾਕ ਬਣਾਉਣ ਦਾ ਐਲਾਨ ਕੀਤਾ ਸੀ। ਇਸ ਐਲਾਨ ਨੂੰ ਅਮਲੀ ਰੂਪ ਦਿੰਦਿਆਂ ਅੱਜ ਟਾਇਲਟ ਬਲਾਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਜਿੰਪਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ 21 ਟਾਇਲਟ ਬਲਾਕ ਬਣਾਏ ਜਾਣਗੇ ਜਿਨ੍ਹਾਂ ਵਿੱਚ 441 ਪਖਾਨੇ, 126 ਯੂਰੀਨਲ ਤੇ 126 ਹੀ ਵਾਸ਼ਬੇਸਨ ਅਤੇ 315 ਬਾਥਰੂਮ ਬਣਾਏ ਜਾਣਗੇ।
ਪੱਤਰਕਾਰਾਂ ਵੱਲੋਂ ਕੇਂਦਰ ਸਰਕਾਰ ਦੇ ਇੱਕ ਦੇਸ਼ ਇੱਕ ਚੋਣ ਕਰਵਾਉਣ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਹ ਬਿਆਨ ਭਾਜਪਾ ਦਾ ਚੋਣ ਸਟੰਟ ਹੈ, ਕਿਉਂਕਿ ਜੇਕਰ ਉਹ ਇਸ ਪ੍ਰਤੀ ਇਨੇ ਹੀ ਗੰਭੀਰ ਸਨ ਤਾਂ ਉਨ੍ਹਾਂ ਪਹਿਲਾਂ ਇਸ ਬਾਰੇ ਕਿਉਂ ਨਹੀਂ ਸੋਚਿਆ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਲੋਕਾਂ ਨੂੰ ਅਜਿਹੇ ਬਿਆਨ ਦੇ ਕੇ ਗੁੰਮਰਾਹ ਕਰ ਰਹੀ ਹੈ।
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਮ ਆਦਮੀ ਪਾਰਟੀ ਦੇ 32 ਵਿਧਾਇਕ ਨਾਲ ਹੋਣ ਬਾਰੇ ਦਿੱਤੇ ਬਿਆਨ ਬਾਰੇ ਉਨ੍ਹਾਂ (Bram Shankar Jimpa) ਕਿਹਾ ਕਿ ਬਾਜਵਾ ਇੱਕ ਸੀਨੀਅਰ ਆਗੂ ਹਨ , ਉਨ੍ਹਾਂ ਨੂੰ ਅਜਿਹੇ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿਉਂਕਿ ਸਾਡੀ ਪਾਰਟੀ ਦੇ 92 ਵਿਧਾਇਕ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਜੋ ਕਿ ਪੂਰੀ ਤਰ੍ਹਾਂ ਸ. ਭਗਵੰਤ ਸਿੰਘ ਮਾਨ ਦੇ ਨਾਲ ਖੜੇ ਹਨ। ਉਨ੍ਹਾਂ ਕਿਹਾ ਕਿ ਬਾਜਵਾ ਦਾ ਇਹ ਬਿਆਨ ਹਾਸੋ-ਹੀਣਾ ਹੈ। ਐਨ.ਆਈ.ਏ. ਵੱਲੋਂ ਪੰਜਾਬ ਵਿੱਚ ਮਾਰੇ ਵੱਡੀ ਪੱਧਰ ਤੇ ਛਾਪਿਆਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਕਾਰਵਾਈ ਐਨ.ਆਈ.ਏ. ਵੱਲੋਂ ਜੇਕਰ ਕੀਤੀ ਗਈ ਹੈ ਤਾਂ ਗ੍ਰਹਿ ਵਿਭਾਗ ਨੂੰ ਇਸ ਬਾਰੇ ਸਹੀ ਢੰਗ ਨਾਲ ਪਤਾ ਹੋਵੇਗਾ।
ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਪੰਜਾਬੀ ਇੱਕ ਬਹਾਦਰ ਕੌਮ ਹੈ ਜੋ ਕਿ ਕਿਸੇ ਵੀ ਤਰ੍ਹਾਂ ਦੀਆਂ ਧਮਕੀਆਂ ਤੋਂ ਡਰਦੇ ਨਹੀਂ। ਉਨ੍ਹਾਂ ਕਿਹਾ ਕਿ ਇਹ NIA ਛਾਪੇਮਾਰੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬੀਆਂ ਨੂੰ ਡਰਾਉਣ ਵਾਂਗ ਹੈ ਪ੍ਰੰਤੂ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬੀ ਕਦੇ ਵੀ ਭਾਜਪਾ ਦੀਆਂ ਅਜਿਹੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰਨਗੇ।