July 7, 2024 8:43 am
Lord Parashuram Chowk

ਬ੍ਰਮ ਸ਼ੰਕਰ ਜਿੰਪਾ ਨੇ ਭਗਵਾਨ ਪਰਸ਼ੂਰਾਮ ਚੌਕ ਦਾ ਨਿਰਮਾਣ ਪੂਰਾ ਕਰਵਾਉਣ ਲਈ ਭਗਵਾਨ ਪਰਸ਼ੂਰਾਮ ਸੈਨਾ ਨੂੰ ਸੌਂਪਿਆ 3 ਲੱਖ ਰੁਪਏ ਦਾ ਚੈੱਕ

ਹੁਸ਼ਿਆਰਪੁਰ, 21 ਅਪ੍ਰੈਲ 2023: ਮਾਲ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੁਰਾਣੀ ਕਚਹਿਰੀ ਰੋਡ ’ਤੇ ਭਗਵਾਨ ਪਰਸ਼ੂਰਾਮ ਜੀ ਦੇ ਵਿਸ਼ਾਲ ਚੌਕ (Lord Parashuram Chowk) ਦੇ ਨਿਰਮਾਣ ਅਤੇ ਇਸ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਹ ਅੱਜ ਭਗਵਾਨ ਸ਼੍ਰੀ ਪਰਸ਼ੂਰਾਮ ਸੈਨਾ ਦੇ ਪ੍ਰਧਾਨ ਪੰਡਤ ਆਸ਼ੂਤੋਸ਼ ਸ਼ਰਮਾ ਨੂੰ ਚੌਕ ਦੇ ਨਿਰਮਾਣ ਲਈ 3 ਲੱਖ ਰੁਪਏ ਦਾ ਚੈਕ ਸੌਂਪਣ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਦਿ ਹੁਸ਼ਿਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਕੌਂਸਲਰ ਪ੍ਰਦੀਪ ਬਿੱਟੂ, ਰਾਜਿੰਦਰ ਮੋਦਗਿੱਲ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰੇਕ ਜ਼ਰੂਰੀ ਵਿਕਾਸ ਕਾਰਜ ਕਰਵਾਉਣ ਦੇ ਨਾਲ-ਨਾਲ ਹਰੇਕ ਭਾਈਚਾਰੇ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਦੀ ਕਾਫ਼ੀ ਲੰਬੇ ਸਮੇਂ ਤੋਂ ਮੰਗ ਸੀ ਕਿ ਭਗਵਾਨ ਪਰਸ਼ੂਰਾਮ ਜੀ ਦੇ ਨਾਮ ’ਤੇ ਚੌਕ ਬਣਵਾਇਆ ਜਾਵੇ, ਜਿਸ ਮੰਗ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਭਗਵਾਨ ਪਰਸੂਰਾਮ ਸੈਨਾ ਨੇ ਲਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਭਗਵਾਨ ਪਰਸ਼ੂਰਾਮ ਸੈਨਾ ਦੇ ਚੌਕ ਦੇ ਨਿਰਮਾਣ ਲਈ ਪੂਰਾ ਸਹਿਯੋਗ ਦਿੱਤਾ ਹੈ। ਉਨ੍ਹਾਂ ਇਸ ਦੌਰਾਨ ਅਹੁਦੇਦਾਰਾਂ ਨੂੰ ਭਰੋਸਾ ਦਿਵਾਇਆ ਕਿ ਭਗਵਾਨ ਪਰਸ਼ੂਰਾਮ ਚੌਕ ਸਬੰਧੀ ਜ਼ਰੂਰਤ ਪੈਣ ’ਤੇ ਹੋਰ ਫੰਡ ਵੀ ਮੁਹੱਈਆ ਕਰਵਾਏ ਜਾਣਗੇ।

ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮਾਨਵਤਾ ਤੋਂ ਵੱਡਾ ਕੋਈ ਧਰਮ ਨਹੀਂ ਹੈ ਅਤੇ ਮਾਨਵਤਾ ਦੀ ਸੇਵਾ ਦੇ ਪ੍ਰਣ ਨੂੰ ਲੈ ਕੇ ਪੰਜਾਬ ਸਰਕਾਰ ਲੋਕ ਹਿੱਤ ਵਿਚ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੰਤਾਂ ਦੀ ਨਗਰੀ ਦੇ ਨਾਮ ਨਾਲ ਜਾਣੇ ਜਾਂਦੇ ਹੁਸ਼ਿਆਰਪੁਰ ਵਿਚ ਵੀ ਭਗਵਾਨ ਪਰਸ਼ੂਰਾਮ ਜੀ ਦੇ ਨਾਮ ’ਤੇ ਬਣੇ ਵਿਸ਼ਾਲ ਚੌਕ ਦੀ ਸੁੰਦਰਤਾ ਲਈ ਇਸ ਦੇ ਚਾਰੇ ਪਾਸੇ ਸੜਕ, ਲਾਈਟਿੰਗ ਆਦਿ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰੇ ਚੌਕ ਦੀੇ ਨੁਹਾਰ ਬਦਲ ਦਿੱਤੀ ਜਾਵੇਗੀ, ਤਾਂ ਜੋ ਹੁਸ਼ਿਆਰਪੁਰ ਆਉਣ-ਜਾਣ ਵਾਲਾ ਹਰੇਕ ਵਿਅਕਤੀ ਭਗਵਾਨ ਪਰਸ਼ੂਰਾਮ ਚੌਕ ਨੂੰ ਯਾਦ ਰੱਖੇ। ਇਸ ਮੌਕੇ ਭਗਵਾਨ ਪਰਸ਼ੂਰਾਮ ਸੈਨਾ ਦੇ ਹੋਰ ਅਹੁਦੇਦਾਰ ਵੀ ਮੌਜੂਦ ਸਨ।