ਸਹਿਕਾਰੀ ਸਭਾ

ਬ੍ਰਮ ਸ਼ੰਕਰ ਜਿੰਪਾ ਨੇ ਸ੍ਰੀ ਗੁਰੂ ਰਵਿਦਾਸ ਨਗਰ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ 52 ਮੈਂਬਰਾਂ ਨੂੰ ਵੰਡੇ 7 ਲੱਖ ਦੇ ਬੋਨਸ ਦੇ ਚੈੱਕ

ਹੁਸ਼ਿਆਰਪੁਰ, 27 ਨਵੰਬਰ 2023: ਸ੍ਰੀ ਗੁਰੂ ਰਵਿਦਾਸ ਨਗਰ ਦੁੱਧ ਉਤਪਾਦਕ ਸਹਿਕਾਰੀ ਸਭਾ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸੁਸਾਇਟੀ ਦੇ ਦੁੱਧ ਉਤਪਾਦਕ ਮੈਂਬਰਾਂ ਨੂੰ ਬੋਨਸ ਦੇ ਚੈੱਕ ਵੰਡ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਹੋਰ ਦੁੱਧ ਉਤਪਾਦਕਾਂ ਨੂੰ ਵੀ ਵੇਰਕਾ ਦੀਆਂ ਸਹਿਕਾਰੀ ਸਭਾਵਾਂ ਨਾਲ ਜੁੜ ਕੇ ਅਜਿਹੇ ਲਾਭ ਲੈਣੇ ਚਾਹੀਦੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤਾ ਚੌਧਰੀ, ਦਿ ਹੁਸ਼ਿਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਮਿਲਕ ਪਲਾਂਟ ਹੁਸ਼ਿਆਰਪੁਰ ਦੇ ਜੀ.ਐਮ ਰੁਪਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਮਿਲਕ ਪਲਾਂਟ ਵੱਲੋਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਸੁਸਾਇਟੀ ਦੇ ਉਪ-ਨਿਯਮਾਂ ਅਨੁਸਾਰ ਸ਼ੁੱਧ ਲਾਭ ਵਜੋਂ ਲੱਖਾਂ ਰੁਪਏ ਦੇ ਬੋਨਸ ਦੇ ਚੈੱਕ ਦਿੱਤੇ ਗਏ ਹਨ, ਜਿਸ ਤਹਿਤ ਅੱਜ ਸੁਸਾਇਟੀ ਦੇ 52 ਮੈਂਬਰਾਂ ਨੂੰ ਕਰੀਬ 7 ਲੱਖ ਰੁਪਏ ਦੇ ਚੈੱਕ ਬੋਨਸ ਦੇ ਤੌਰ ‘ਤੇ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਬ੍ਰਮ ਸ਼ੰਕਰ ਜਿੰਪਾ ਨੇ ਦੁੱਧ ਉਤਪਾਦਕਾਂ ਨੂੰ ਸਾਫ਼-ਸੁਥਰਾ ਦੁੱਧ ਪੈਦਾ ਕਰਕੇ ਵੇਰਕਾ ਦੁੱਧ ਉਤਪਾਦਕ ਸਹਿਕਾਰੀ ਸਭਾ ਨੂੰ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੇਰਕਾ ਮਿਲਕ ਪਲਾਂਟ ਵੱਲੋਂ ਦੁੱਧ ਉਤਪਾਦਕਾਂ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਇਹ ਕੰਮ ਸ਼ਲਾਘਾਯੋਗ ਹੈ, ਜਿਸ ਸਦਕਾ ਭਵਿੱਖ ਵਿਚ ਹੋਰ ਵੀ ਦੁੱਧ ਉਤਪਾਦਕ ਵੇਰਕਾ ਨਾਲ ਜੁੜਨਗੇ। ਇਸ ਮੌਕੇ ਸੁਸਾਇਟੀ ਪ੍ਰਧਾਨ ਦੇਸਰਾਜ, ਵਿਵੇਕ, ਕੌਂਸਲਰ ਮੁਖੀ ਰਾਮ, ਕੌਂਸਲਰ ਪ੍ਰਦੀਪ ਬਿੱਟੂ, ਸੰਦੀਪ ਚੇਚੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Scroll to Top