ਚੰਡੀਗੜ੍ਹ, 29 ਮਈ 2024: ਹਰਿਆਣਾ ਦੇ ਸ਼ਾਹਬਾਦ ਜੀਟੀ ਰੋਡ ‘ਤੇ ਪਿੰਡ ਰਤਨਗੜ੍ਹ ਨੇੜੇ ਹਰਿਆਣਾ ਰੋਡਵੇਜ਼ (Haryana Roadways) ਦੀ ਬੱਸ ਦੇ ਬ੍ਰੇਕ ਅਚਾਨਕ ਫੇਲ ਹੋਣ ਕਾਰਨ ਹਾਦਸਾ ਵਾਪਰਿਆ ਹੈ । ਬ੍ਰੇਕ ਫੇਲ ਹੋਣ ਕਾਰਨ ਬੱਸ ਖਦਾਨ ਵਿੱਚ ਜਾ ਉੱਤਰੀ। ਖੁਸ਼ਕਿਸਮਤੀ ਰਹੀ ਕਿ ਵੱਡਾ ਹਾਦਸਾ ਟਲ ਗਿਆ ਅਤੇ ਜਾਨੀ ਨੁਕਸਾਨ ਤੋਂ ਰਿਹਾ | ਮਿਲੀ ਜਾਣਕਾਰੀ ਮੁਤਾਬਕ ਬੱਸ ਵਿੱਚ 40 ਤੋਂ ਵੱਧ ਯਾਤਰੀ ਸਵਾਰ ਸਨ। ਹਾਦਸੇ ‘ਚ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਸਵੇਰੇ ਕਰੀਬ 7 ਵਜੇ ਦੀ ਦੱਸੀ ਜਾ ਰਹੀ ਹੈ।
ਇਹ ਕੁਰੂਕਸ਼ੇਤਰ ਡਿਪੂ ਦੀ ਬੱਸ (Haryana Roadways) ਪਿਪਲੀ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ ਸੀ। ਜਦੋਂ ਬੱਸ ਸ਼ਾਹਬਾਦ ਦੇ ਪਿੰਡ ਰਤਨਗੜ੍ਹ ਪਹੁੰਚੀ ਤਾਂ ਡਰਾਈਵਰ ਨੇ ਬੱਸ ਨੂੰ ਸ਼ਾਹਬਾਦ ਵੱਲ ਮੋੜ ਲਿਆ। ਜਦੋਂ ਉਸਨੇ ਬੱਸ ਨੂੰ ਅੱਗੇ ਮੋੜਿਆ ਤਾਂ ਬੱਸ ਦੀਆਂ ਬ੍ਰੇਕਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਬੱਸ ਸੜਕ ਤੋਂ ਹੇਠਾਂ ਖਦਾਨ ਵਿੱਚ ਜਾ ਵੜੀ। ਬੱਸ ਇੱਕ ਕਾਰ ਗੈਰੇਜ ਵਿੱਚ ਜਾ ਟਕਰਾਈ। ਇਸ ਕਾਰਨ ਗੈਰੇਜ ਵਿੱਚ ਖੜ੍ਹੀ ਕਾਰ ਅਤੇ ਦੁਕਾਨ ਦਾ ਸ਼ੈੱਡ ਟੁੱਟ ਗਿਆ। ਸੂਚਨਾ ਮਿਲਦੇ ਹੀ ਡਾਇਲ-112 ਦੀ ਟੀਮ ਮੌਕੇ ‘ਤੇ ਪਹੁੰਚ ਗਈ। ਰੋਡਵੇਜ਼ ਵਿਭਾਗ ਮਾਮਲੇ ਦੀ ਜਾਂਚ ਵਿੱਚ ਜੁਟਿਆ ਹੋਇਆ ਹੈ। ਬੱਸ ਦੇ ਕੰਡਕਟਰ ਵਿੱਕੀ ਨੇ ਦੱਸਿਆ ਕਿ ਹੋਰ ਬੱਸ ਦਾ ਪ੍ਰਬੰਧ ਕਰਕੇ ਸਵਾਰੀਆਂ ਨੂੰ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ।