ਚੰਡੀਗੜ੍ਹ, 16 ਮਈ 2024: ਹਰਿਆਣਾ ਦੇ ਸੋਨੀਪਤ (Sonipat) ਦੇ ਕੁੰਡਲੀ ਇਲਾਕੇ ‘ਚ ਸਥਿਤ ਕੱਥਾ ਬਣਾਉਣ ਵਾਲੀ ਫੈਕਟਰੀ ‘ਚ ਬਾਇਲਰ ਫਟਣ ਨਾਲ ਜ਼ਬਰਦਸਤ ਧਮਾਕਾ ਹੋਇਆ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸਪਾਸ ਦੀ ਇਮਾਰਤ ‘ਚ ਵੀ ਤਰੇੜਾਂ ਆ ਗਈਆਂ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।
ਇਸ ਹਾਦਸੇ ‘ਚ ਫੈਕਟਰੀ ਦਾ ਉਪਰਲਾ ਹਿੱਸਾ ਢਹਿ ਗਿਆ। ਮਲਬੇ ਹੇਠ ਦੱਬਣ ਨਾਲ ਮੁਲਾਜ਼ਮਾਂ ਸਮੇਤ 21 ਜਣੇ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਉਤਾਬਕ ਮੌਕੇ ‘ਤੇ ਦੋ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਹਨ । ਜਿਨ੍ਹਾਂ ਦੀ ਪਛਾਣ ਬ੍ਰਿਜੇਸ਼ ਅਤੇ ਗੁਲਾਬ ਵਾਸੀ ਬਿਹਾਰ ਵਜੋਂ ਹੋਈ ਹੈ।
ਇਸਦੇ ਨਾਲ ਹੀ ਦਰਜਨ ਤੋਂ ਵੱਧ ਲੋਕਾਂ ਨੂੰ ਇਲਾਜ ਲਈ ਨਰੇਲਾ ਦੇ ਰਾਜਾ ਹਰੀਸ਼ਚੰਦਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਥਾਨਕ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਹੈ। ਲੋਕਾਂ ਦਾ ਦੋਸ਼ ਹੈ ਕਿ ਰਾਤ ਸਮੇਂ ਐਂਬੂਲੈਂਸ ਸਮੇਂ ਸਿਰ ਨਹੀਂ ਪੁੱਜੀ। ਮਲਬੇ ਹੇਠ ਕਈ ਜਣਿਆਂ ਦੇ ਦਬੇ ਹੋਣ ਦੀ ਸੰਭਾਵਨਾ ਹੈ। ਪੁਲਿਸ (Sonipat) ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕਿੰਨੇ ਲੋਕ ਮਲਬੇ ਹੇਠ ਦਬੇ ਹੋਏ ਹਨ।