ਚੰਡੀਗੜ੍ਹ, 23 ਮਈ 2024: ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੇ ਡੋਂਬਿਵਲੀ ‘ਚ ਵੀਰਵਾਰ ਨੂੰ ਇਕ ਕੈਮੀਕਲ ਫੈਕਟਰੀ (chemical factory) ‘ਚ ਬਾਇਲਰ ਫਟਣ ਨਾਲ ਵੱਡਾ ਹਾਦਸਾ ਵਾਪਰਿਆ ਹੈ। ਬੁਆਇਲਰ ਫਟਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ, ਜਿਸ ‘ਚ 6 ਕਾਮੇ ਜ਼ਖਮੀ ਹੋ ਗਏ। ਅੱਗ ਬੁਝਾਉਣ ਲਈ ਚਾਰ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਮੌਜੂਦ ਹਨ।
ਮੌਕੇ ‘ਤੇ ਮੌਜੂਦ ਇੱਕ ਅਧਿਕਾਰੀ ਨੇ ਦੱਸਿਆ ਕਿ ਧਮਾਕਾ ਡੋਂਬਿਵਲੀ ਐਮਆਈਡੀਸੀ ਖੇਤਰ ਦੇ ਫੇਜ਼-2 ਸਥਿਤ ਅੰਬਰ ਕੈਮੀਕਲ ਕੰਪਨੀ (chemical factory) ਵਿੱਚ ਹੋਇਆ। ਇਕ ਚਸ਼ਮਦੀਦ ਨੇ ਦੱਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਦੀ ਆਵਾਜ਼ ਇਕ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਉਨ੍ਹਾਂ ਦੱਸਿਆ ਕਿ ਆਸ-ਪਾਸ ਦੀਆਂ ਇਮਾਰਤਾਂ ਦੇ ਸ਼ੀਸ਼ਿਆਂ ਵਿੱਚ ਤਰੇੜਾਂ ਆ ਗਈਆਂ ਹਨ। ਇਸ ਦੇ ਨਾਲ ਹੀ ਧਮਾਕੇ ਕਾਰਨ ਆਸ-ਪਾਸ ਦੇ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ।
ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਮਜ਼ਦੂਰਾਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਠਾਣੇ ਨਗਰ ਨਿਗਮ ਦੇ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਨੇ ਦੱਸਿਆ ਕਿ ਧਮਾਕਾ ਦੁਪਹਿਰ ਕਰੀਬ 1.40 ਵਜੇ ਹੋਇਆ। ਦੂਜੇ ਪਾਸੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਫਸੇ ਅੱਠ ਜਣਿਆਂ ਨੂੰ ਬਚਾ ਲਿਆ ਗਿਆ ਹੈ।