ਮਹਾਰਾਸ਼ਟਰ, 17 ਜਨਵਰੀ 2026: BMC Election Result: ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼ਿਵ ਸੈਨਾ (ਏਕਨਾਥ ਸ਼ਿੰਦੇ ਧੜੇ) ਦੇ ਗੱਠਜੋੜ ਨੇ ਸ਼ੁੱਕਰਵਾਰ ਨੂੰ ਬ੍ਰਿਹਨਮੁੰਬਈ ਨਗਰ ਨਿਗਮ (ਬੀਐਮਸੀ) ਚੋਣਾਂ ‘ਚ ਸਪੱਸ਼ਟ ਬਹੁਮਤ ਪ੍ਰਾਪਤ ਕੀਤਾ, ਜਿਸ ਨਾਲ ਠਾਕਰੇ ਪਰਿਵਾਰ ਦਾ ਗੜ੍ਹ ਟੁੱਟ ਗਿਆ। ਸੱਤਾਧਾਰੀ ਗੱਠਜੋੜ ਨੇ 227 ਸੀਟਾਂ ‘ਚੋਂ 118 ਸੀਟਾਂ ਜਿੱਤੀਆਂ।
ਭਾਜਪਾ ਨੇ ਬੀਐਮਸੀ ਨਗਰ ਨਿਗਮ ਚੋਣਾਂ ‘ਚ 89 ਸੀਟਾਂ ਜਿੱਤੀਆਂ, ਜਦੋਂ ਕਿ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ 29 ਸੀਟਾਂ ਜਿੱਤੀਆਂ। ਇਸ ਤਰ੍ਹਾਂ ਮਹਾਰਾਸ਼ਟਰ ਦੇ ਸੱਤਾਧਾਰੀ ਗੱਠਜੋੜ ਨੇ ਦੇਸ਼ ਦੇ ਸਭ ਤੋਂ ਅਮੀਰ ਨਗਰ ਨਿਗਮ ਨੂੰ ਕੰਟਰੋਲ ਕਰਨ ਲਈ ਲੋੜੀਂਦੇ 114 ਮੈਂਬਰੀ ਬਹੁਮਤ ਦੇ ਅੰਕੜੇ ਨੂੰ ਪਾਰ ਕਰ ਲਿਆ। ਕਾਂਗਰਸ ਅਤੇ ਵੰਚਿਤ ਬਹੁਜਨ ਅਘਾੜੀ (VBA) ਦੇ ਗਠਜੋੜ ਨੇ 24 ਸੀਟਾਂ ਜਿੱਤੀਆਂ।
ਸ਼ਿਵ ਸੈਨਾ (ਊਧਵ ਠਾਕਰੇ ਧੜੇ)-ਐਮਐਨਐਸ-ਐਨਸੀਪੀ (ਸ਼ਰਦਚੰਦਰ ਪਵਾਰ) ਗੱਠਜੋੜ ਨੇ ਕੁੱਲ 72 ਸੀਟਾਂ ਜਿੱਤੀਆਂ। ਵੰਡ ਤੋਂ ਪਹਿਲਾਂ, ਸ਼ਿਵ ਸੈਨਾ ਨੇ 1997 ਤੋਂ 25 ਸਾਲ ਤੱਕ ਨਗਰ ਨਿਗਮ ‘ਤੇ ਰਾਜ ਕੀਤਾ। ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂਬੀਟੀ) ਨੇ ਕੁੱਲ 65 ਸੀਟਾਂ ਪ੍ਰਾਪਤ ਕੀਤੀਆਂ।
ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੈਨਾ ਨੇ ਛੇ ਸੀਟਾਂ ਜਿੱਤੀਆਂ, ਜਦੋਂ ਕਿ ਸ਼ਰਦ ਪਵਾਰ ਧੜੇ ਦੀ ਐਨਸੀਪੀ ਨੇ ਸਿਰਫ਼ ਇੱਕ ਸੀਟਾਂ ਜਿੱਤੀਆਂ। ਹੋਰ ਪਾਰਟੀਆਂ ‘ਚੋਂ, ਕਾਂਗਰਸ ਨੇ 24 ਸੀਟਾਂ ਜਿੱਤੀਆਂ, ਏਆਈਐਮਆਈਐਮ ਨੇ ਅੱਠ, ਅਜੀਤ ਪਵਾਰ ਦੀ ਅਗਵਾਈ ਵਾਲੀ ਐਨਸੀਪੀ ਨੇ ਤਿੰਨ ਅਤੇ ਸਮਾਜਵਾਦੀ ਪਾਰਟੀ ਨੇ ਦੋ ਸੀਟਾਂ ਜਿੱਤੀਆਂ। ਇਨ੍ਹਾਂ ਚੋਣਾਂ ‘ਚ ਦੋ ਆਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਪ੍ਰਾਪਤ ਕੀਤੀ। ਇਹ ਚੋਣਾਂ ਨੌਂ ਸਾਲਾਂ ਦੇ ਅੰਤਰਾਲ ਤੋਂ ਬਾਅਦ ਹੋਈਆਂ।
2017 ਦੀਆਂ ਬੀਐਮਸੀ ਚੋਣਾਂ ਵਿੱਚ, ਸ਼ਿਵ ਸੈਨਾ (ਅਵੰਡੇ) 84 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ। ਇਸ ਦੌਰਾਨ, ਭਾਜਪਾ ਨੇ 82 ਸੀਟਾਂ, ਕਾਂਗਰਸ ਨੇ 21, ਐਨਸੀਪੀ ਨੇ ਨੌਂ, ਐਮਐਨਐਸ ਨੇ ਸੱਤ, ਸਮਾਜਵਾਦੀ ਪਾਰਟੀ ਨੇ ਛੇ, ਏਆਈਐਮਆਈਐਮ ਨੇ ਦੋ, ਅਖਿਲ ਭਾਰਤੀ ਸੈਨਾ ਨੇ ਇੱਕ ਅਤੇ ਹੋਰਾਂ ਨੇ ਪੰਜ ਸੀਟਾਂ ਜਿੱਤੀਆਂ। ਉਸ ਸਮੇਂ, ਭਾਜਪਾ ਅਤੇ ਸ਼ਿਵ ਸੈਨਾ ਨੇ ਵੱਖ-ਵੱਖ ਚੋਣਾਂ ਲੜੀਆਂ ਸਨ।
Read More: ਮੁੰਬਈ ‘ਚ ਪਹਿਲੀ ਵਾਰ ਬਣ ਸਕਦਾ ਹੈ ਭਾਜਪਾ ਦਾ ਮੇਅਰ, BMC ਚੋਣ ਨਤੀਜਿਆਂ ‘ਚ BJP ਅੱਗੇ




