ਚੰਡੀਗੜ੍ਹ, 14 ਨਵੰਬਰ 2023: ਲੁਧਿਆਣਾ ਦੀ ਕੇਂਦਰੀ ਜੇਲ੍ਹ (Ludhiana Central Jail) ਵਿੱਚ ਦੇਰ ਰਾਤ ਹਵਾਲਾਤੀਆਂ ਵਿਚਾਲੇ ਝੜੱਪ ਹੋ ਗਈ। ਜਿਸ ਵਿੱਚ ਇੱਕ ਨੌਜਵਾਨ ਦੇ ਸਿਰ ਵਿੱਚ ਸੱਟ ਲੱਗ ਗਈ। ਜੇਲ੍ਹ ਸਟਾਫ਼ ਨੇ ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ। ਇਸ ਦੀ ਸੂਚਨਾ ਮਿਲਦਿਆਂ ਹੀ ਜ਼ਖਮੀ ਬੰਦੀ ਦੇ ਪਰਿਵਾਰਕ ਮੈਂਬਰ ਵੀ ਸਿਵਲ ਹਸਪਤਾਲ ਪੁੱਜੇ। ਇਸ ਦੌਰਾਨ ਕਾਫੀ ਹੰਗਾਮਾ ਹੋਇਆ।
ਪਰਿਵਾਰਕ ਮੈਂਬਰਾਂ ਨੇ ਜੇਲ੍ਹ ਸਟਾਫ (Ludhiana Central Jail) ‘ਤੇ ਉਨ੍ਹਾਂ ਦੇ ਪੁੱਤ ਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਜ਼ਖਮੀ ਬੰਦੀ ਦੀ ਪਛਾਣ ਪ੍ਰੀਤਮ ਸਿੰਘ ਭੋਲੂ ਵਜੋਂ ਹੋਈ ਹੈ। ਪ੍ਰੀਤਮ ਪਹਿਲਾਂ ਨਾਭਾ ਜੇਲ੍ਹ ਵਿੱਚ ਬੰਦ ਸੀ, ਪਰ ਹੁਣ ਉਸ ਨੂੰ ਤਾਜਪੁਰ ਰੋਡ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭੋਲੂ ਧਾਰਾ 302 ਅਤੇ ਇੱਕ ਹੋਰ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ। ਦੇਰ ਰਾਤ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਹਵਾਲਾਤੀਆਂ ‘ਚ ਬਹਿਸ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਉਨ੍ਹਾਂ ਦੇ ਪੁੱਤ ਦੀ ਜਾਨ ਨੂੰ ਖ਼ਤਰਾ ਹੈ। ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ।