ਚੰਡੀਗੜ੍ਹ, 25 ਮਈ 2024: ਛੱਤੀਸਗੜ੍ਹ (Chhattisgarh) ਦੇ ਬੇਮੇਤਾਰਾ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਰਲਾ ਦੀ ਬਾਰੂਦ ਫੈਕਟਰੀ ਵਿੱਚ ਧਮਾਕਾ ਹੋਇਆ। ਧਮਾਕੇ ‘ਚ ਲਗਭਗ 12 ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸਦੇ ਨਾਲ ਹੀ ਕਈ ਜਣੇ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਅੱਜ ਸਵੇਰੇ ਦੀ ਦੱਸੀ ਜਾ ਰਹੀ ਹੈ |
ਜਾਣਕਾਰੀ ਮੁਤਾਬਕ ਬੇਮੇਤਰਾ ਜ਼ਿਲ੍ਹੇ (Chhattisgarh) ਦੇ ਪਿੰਡ ਬੋਰਸੀ ‘ਚ ਸਥਿਤ ਬਾਰੂਦ ਦੀ ਫੈਕਟਰੀ ‘ਚ ਧਮਾਕਾ ਹੋਇਆ ਹੈ। ਬਾਰੂਦ ਫੈਕਟਰੀ ਵਿੱਚ ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਤੱਕ ਸੁਣਾਈ ਦਿੱਤੀ। ਇਸ ਕਾਰਨ ਆਸ-ਪਾਸ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ’ਚ ਮੌਕੇ ’ਤੇ ਇਕੱਠੇ ਹੋ ਗਏ।
ਇਸ ਦੇ ਨਾਲ ਹੀ ਮਰੀਜ਼ਾਂ ਨੂੰ ਰਾਏਪੁਰ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਵੀ ਦਾਖਲ ਕਰਵਾਇਆ ਗਿਆ ਹੈ। ਬੇਮੇਤਾਰਾ ਕਲੈਕਟਰ ਨੇ ਕਿਹਾ ਕਿ ਐਸਡੀਐਮ ਮੌਕੇ ‘ਤੇ ਪਹੁੰਚ ਗਏ ਹਨ ਅਤੇ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਜਣੇ ਜ਼ਖਮੀ ਹੋਏ ਹਨ। ਕਈ ਜਣੇ ਮਲਬੇ ਹੇਠ ਦੱਬੇ ਹੋਏ ਹਨ। ਉਨ੍ਹਾਂ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ।
ਫਿਲਹਾਲ ਕਿਸੇ ਨੂੰ ਵੀ ਕੰਪਨੀ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਦੇ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਥਾਂ ‘ਤੇ ਧਮਾਕਾ ਹੋਇਆ ਉੱਥੇ 15 ਤੋਂ 20 ਜਣੇ ਕੰਮ ਕਰਦੇ ਹਨ।