ਸਾਹਿਬਜ਼ਾਦਾ ਅਜੀਤ ਸਿੰਘ ਨਗਰ, 02 ਫਰਵਰੀ, 2024: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ.ਨਗਰ, ਮੁਹਾਲੀ ਵਿਖੇ ਸ਼ੁੱਕਰਵਾਰ ਨੂੰ ਨੈਸ਼ਨਲ ਹਾਈਵੇਅ ਅਥਾਰਟੀ ਅਤੇ ਸਬੰਧਤ ਸਬ-ਡਿਵੀਜ਼ਨਾਂ ਦੇ ਉਪ ਮੰਡਲ ਮੈਜਿਸਟਰੇਟਾਂ ਦੀ ਸਮੀਖਿਆ ਬੈਠਕ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ ਐਸ ਤਿੜਕੇ ਨੇ ਐਨ.ਐਚ.ਏ.ਆਈ ਦੇ ਅਧਿਕਾਰੀਆਂ ਨੂੰ ਚੰਡੀਗੜ੍ਹ-ਅੰਬਾਲਾ ਨੈਸ਼ਨਲ ਹਾਈਵੇਅ (Chandigarh-Ambala National Highway) ਸੈਕਸ਼ਨ ਦੇ ਡੇਰਾਬੱਸੀ ਖੇਤਰ ਦੇ ਬਲੈਕ ਸਪਾਟਸ ਨੂੰ ਛੇਤੀ ਤੋਂ ਛੇਤੀ ਠੀਕ ਕਰਨ ਲਈ ਕਿਹਾ।
ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ ਅਤੇ ਸੁਚਾਰੂ ਆਵਾਜਾਈ ਲਈ ਹਾਈਵੇਅ ਨੂੰ ਸੁਰੱਖਿਅਤ ਬਣਾਉਣਾ ਸਾਡਾ ਮੁੱਖ ਫਰਜ਼ ਹੈ। ਉਨ੍ਹਾਂ ਕਿਹਾ ਕਿ ਕਰਾਸਿੰਗ ਲਾਈਟਾਂ/ਬਲਿੰਕਰ ਲਗਾਏ ਜਾਣ ਅਤੇ ਸਹੀ ਢੰਗ ਨਾਲ ਰੱਖ-ਰਖਾਅ ਕਰਨ ਦੇ ਨਾਲ-ਨਾਲ ਮੋੜਾਂ ਨੂੰ ਚੌੜਾ ਕੀਤਾ ਜਾਵੇ ਅਤੇ ਜਿੱਥੇ ਵੀ ਲੋੜ ਹੋਵੇ ਉੱਥੇ ਰੰਬਲਿੰਗ ਸਟ੍ਰਿਪ ਲਗਾਏ ਜਾਣ।
ਜ਼ੀਰਕਪੁਰ ਦੇ ਮੈਕ ਡੀ ਚੌਕ ਵਿਖੇ ਪਿਛਲੇ ਲੰਮੇ ਸਮੇਂ ਤੋਂ ਬਰਸਾਤੀ ਪਾਣੀ ਦੇ ਖੜ੍ਹਨ ਦੇ ਮੁੱਦੇ ‘ਤੇ ਚਿੰਤਾ ਜ਼ਾਹਰ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ ਨੇ ਐਸ.ਡੀ.ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੂੰ ਸੀ ਆਰ ਪੀ ਸੀ ਦੀ ਧਾਰਾ 133 ਦੇ ਤਹਿਤ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਇਸ ਸਮੱਸਿਆ ਦਾ ਹੱਲ ਨਾ ਕਰਨ ਲਈ ਸਬੰਧਤ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਐਨ ਐਚ ਏ ਆਈ ਅਧਿਕਾਰੀਆਂ ਨੂੰ ਇਸ ਮੁੱਦੇ ਨੂੰ ਜਦਲ ਹੱਲ ਕਰਨ ਲਈ ਕਿਹਾ।
ਜ਼ੀਰਕਪੁਰ ਫਲਾਈਓਵਰ ਦੇ ਹੇਠਾਂ ਸਾਫ-ਸਫਾਈ ਅਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਮੁੱਦੇ ‘ਤੇ ਚਰਚਾ ਕਰਦੇ ਹੋਏ ਉਨ੍ਹਾਂ ਨੇ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਫਲਾਈਓਵਰ ਦੇ ਹੇਠਾਂ ਪਬਲਿਕ ਟਾਇਲਟ ਬਣਾਉਣ ਲਈ ਸਥਾਨਕ ਸ਼ਹਿਰੀ ਸੰਸਥਾ (ਐਮ ਸੀ) ਨੂੰ ਜਗ੍ਹਾ ਅਲਾਟ ਕਰਨ ਦੀ ਵੀ ਅਪੀਲ ਕੀਤੀ। ਐੱਨ ਐੱਚ ਏ ਆਈ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਜਿਵੇਂ ਹੀ ਪ੍ਰਸਤਾਵ ਉਨ੍ਹਾਂ ਨੂੰ ਸੌਂਪਿਆ ਜਾਵੇਗਾ, ਉਨ੍ਹਾਂ ਨੂੰ ਸਾਈਟ ਅਲਾਟ ਕਰ ਦਿੱਤੀ ਜਾਵੇਗੀ।
ਐਸ ਡੀ ਐਮ ਖਰੜ ਗੁਰਮੰਦਰ ਸਿੰਘ ਨੇ ਲਾਂਡਰਾ ਰੋਡ ਅਤੇ ਕੁਰਾਲੀ ਰੋਡ ’ਤੇ ਬਰਸਾਤੀ ਪਾਣੀ ਦੇ ਨਿਕਾਸ ਅਤੇ ਸਲੈਬਾਂ ਪਾਉਣ ਅਤੇ ਫਲਾਈ ਓਵਰ ਦਾ ਬਰਸਾਤੀ ਪਾਣੀ ਐਸ ਡੀ ਐਮ ਦਫ਼ਤਰ ਵਿੱਚ ਦਾਖ਼ਲ ਹੋਣ ਦੀ ਸਮੱਸਿਆ ਦੇ ਮੁੱਦੇ ਉਠਾਏ। ਏ.ਡੀ.ਸੀ. ਨੇ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਸਮਾਂਬੱਧ ਤਰੀਕੇ ਨਾਲ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਿਹਾ।
ਏ.ਡੀ.ਸੀ. ਨੇ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਸਾਈਨ ਬੋਰਡਾਂ ‘ਤੇ ਪੰਜਾਬੀ ਨੂੰ ਪਹਿਲੀ ਭਾਸ਼ਾ ਵਜੋਂ ਪ੍ਰਦਰਸ਼ਿਤ ਕਰਨ ਅਤੇ ਸ਼ਬਦ-ਜੋੜਾਂ ਦੀ ਸੁਧਾਈ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ। ਉਨ੍ਹਾਂ ਨੇ ਐਨ ਐਚ ਏ ਆਈ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਪਹਿਲ ਦੇ ਆਧਾਰ ‘ਤੇ ਅਜਿਹਾ ਕਰਨ। ਮੀਟਿੰਗ ਵਿੱਚ ਜ਼ਿਲ੍ਹਾ ਮਾਲ ਅਫ਼ਸਰ ਅਮਨਦੀਪ ਚਾਵਲਾ ਨੇ ਜ਼ਮੀਨ ਅਧਿਗ੍ਰਹਿਣ ਅਤੇ ਮੁਆਵਜ਼ੇ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ।