ਚੰਡੀਗੜ੍ਹ, 24 ਅਕਤੂਬਰ 2024: ਪੰਜਾਬ ਦੇ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਭਾਜਪਾ ਦੀ ਕੇਂਦਰ ਸਰਕਾਰ ‘ਤੇ ਦੋਸ਼ ਲਾਗਏ ਹਨ ਕਿ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਮਾਮਲੇ ‘ਚ ਬਦਲਾ ਲੈਣ ਦੀ ਮਾਨਸਿਕਤਾ ਨਾਲ ਝੋਨੇ ਦੀ ਖਰੀਦ ਨੂੰ ਸਿੱਧੇ/ ਅਸਿੱਧੇ ਢੰਗ ਨਾਲ ਪ੍ਰਭਾਵਿਤ ਕੀਤਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਮਤਰੇਈ ਮਾਂ ਵਾਲੇ ਸਲੂਕ ਕਰਕੇ ਸੂਬੇ ਦੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ।
ਝੋਨੇ ਦੀ ਖ਼ਰੀਦ ਨੂੰ ਲੈ ਕੇ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦੀਆਂ ਮੰਡੀਆਂ ‘ਚ ਹੁਣ ਤੱਕ 62065 ਟਨ ਝੋਨੇ ਦੀ ਆਮਦ ਹੋਈ ਹੈ, ਇਸ ‘ਚੋਂ 59354 ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ | ਇਸਦੇ ਨਾਲ ਹੀ ਝੋਨੇ ਦੀ ਚੁਕਾਈ ਦਾ ਕੰਮ ਤੇਜ਼ੀ ਨਾਲ ਜਾਰੀ ਹੈ | ਮੰਤਰੀ ਨੱਬੇ ਦੱਸਿਆ ਕਿ ਨੰਗਲ ਅਤੇ ਸੂਰੇਵਾਲ ਮੰਡੀਆਂ ‘ਚ ਹੁਣ ਤੱਕ ਝੋਨੇ ਦੀ ਰਿਕਾਰਡ ਖ਼ਰੀਦ ਅਤੇ ਚੁਕਾਈ ਕੀਤੀ ਹੈ |
ਹਰਜੋਤ ਸਿੰਘ ਬੈਂਸ (Harjot Singh Bains) ਵੱਲੋਂ ਜ਼ਿਲ੍ਹੇ ਦੇ ਅਗੰਮਪੁਰ, ਕੀਰਤਪੁਰ, ਭਰਤਗੜ੍ਹ, ਨੰਗਲ ਅਤੇ ਸੂਰੇਵਾਲ ਦੇ ਮੰਡੀਆਂ ਦੇ ਖ਼ਰੀਦ ਅਤੇ ਲਿਫਟਿੰਗ ਕੰਮਾਂ ਦਾ ਨਿਰੰਤਰ ਮੁਲਾਂਕਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫਸਲ ਦੀ ਤੁਰੰਤ ਖਰੀਦ ਅਤੇ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਹਨ ਪਰ ਕੇਂਦਰ ਸਰਕਾਰ ਵੱਲੋਂ ਪਿਛਲੇ ਸੀਜ਼ਨ ਦੌਰਾਨ ਖਰੀਦੀ ਗਈ ਫਸਲ ਨੂੰ ਗੁਦਾਮਾਂ ‘ਚੋਂ ਨਾ ਚੁੱਕਣ ਕਾਰਨ ਭੰਡਾਰਨ ਸਮਰੱਥਾ ਘਟ ਗਈ ਹੈ। ਜਿਸ ਕਾਰਨ ਝੋਨੇ ਦੀ ਖਰੀਦ ਅਤੇ ਲਿਫਟਿੰਗ ਨਾਲ ਸਬੰਧਤ ਕੰਮ ਪ੍ਰਭਾਵਿਤ ਹੋਇਆ ਹੈ ।
ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਈ ਵਾਰ ਕੇਂਦਰ ਨੂੰ ਸੂਬੇ ਦੇ ਗੁਦਾਮਾਂ ‘ਚ ਪਈ ਫਸਲ ਨੂੰ ਦੂਜੇ ਸੂਬਿਆਂ ‘ਚ ਤਬਦੀਲ ਕਰਨ ਲਈ ਬੇਨਤੀ ਕੀਤੀ ਸੀ ਤਾਂ ਜੋ ਅਗਲੀ ਫਸਲ ਲਈ ਸਟੋਰੇਜ ਦੀ ਕੋਈ ਸਮੱਸਿਆ ਨਾ ਆਵੇ, ਜਿਸ ਨੂੰ ਕੇਂਦਰ ਨੇ ਹਰ ਵਾਰ ਜਾਣਬੁੱਝ ਕੇ ਅਣਗੌਲਿਆ ਕਰ ਦਿੱਤਾ |