ਚੰਡੀਗੜ੍ਹ, 22 ਅਪ੍ਰੈਲ, 2024: ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਖਾਤੇ ਵਿੱਚ ਇੱਕ ਸੀਟ ਆ ਗਈ ਹੈ। ਦਰਅਸਲ, ਗੁਜਰਾਤ ਦੀ ਸੂਰਤ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਮੁਕੇਸ਼ ਦਲਾਲ (Mukesh Dalal) ਬਿਨਾਂ ਮੁਕਾਬਲਾ ਚੁਣੇ ਗਏ ਹਨ। ਇੱਕ ਅਧਿਕਾਰੀ ਅਨੁਸਾਰ ਕਾਂਗਰਸੀ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੋਣ ਅਤੇ ਬਾਕੀ ਸਾਰੇ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਅਜਿਹੇ ਸਮੀਕਰਨ ਬਣ ਗਏ ਹਨ। ਨਾਮਜ਼ਦਗੀਆਂ ਵਾਪਸ ਲੈਣ ਦੇ ਆਖਰੀ ਦਿਨ ਅੱਠ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਬਹੁਜਨ ਸਮਾਜ ਪਾਰਟੀ (ਬਸਪਾ) ਦੇ ਪਿਆਰੇ ਲਾਲ ਭਾਰਤੀ ਤੋਂ ਇਲਾਵਾ ਜ਼ਿਆਦਾਤਰ ਆਜ਼ਾਦ ਉਮੀਦਵਾਰ ਹਨ।
ਇਸ ਤੋਂ ਪਹਿਲਾਂ, ਭਾਜਪਾ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਸੀਆਰ ਪਾਟਿਲ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਪੋਸਟ ਵਿਚ ਕਿਹਾ ਕਿ ਸੂਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਾ ਕਮਲ ਗਿਫਟ ਕੀਤਾ ਹੈ। ਮੈਂ ਆਪਣੇ ਉਮੀਦਵਾਰ ਮੁਕੇਸ਼ ਦਲਾਲ (Mukesh Dalal) ਨੂੰ ਸੂਰਤ ਲੋਕ ਸਭਾ ਸੀਟ ਤੋਂ ਬਿਨਾਂ ਮੁਕਾਬਲਾ ਚੁਣੇ ਜਾਣ ‘ਤੇ ਵਧਾਈ ਦਿੰਦਾ ਹਾਂ।
ਜਿਕਰਯੋਗ ਹੈ ਕਿ ਐਤਵਾਰ ਨੂੰ ਚੋਣ ਅਧਿਕਾਰੀ ਨੇ ਸੂਰਤ ਸੀਟ ਤੋਂ ਕਾਂਗਰਸ ਉਮੀਦਵਾਰ ਨੀਲੇਸ਼ ਕੁੰਭਾਨੀ ਦਾ ਨਾਮਜ਼ਦਗੀ ਪੱਤਰ ਪ੍ਰਸਤਾਵਕਾਂ ਦੇ ਦਸਤਖਤਾਂ ‘ਚ ਪਹਿਲੀ ਨਜ਼ਰੇ ਫਰਕ ਪਾਏ ਜਾਣ ਤੋਂ ਬਾਅਦ ਰੱਦ ਕਰ ਦਿੱਤਾ ਸੀ। ਕੁੰਭਾਨੀ ਦੀ ਨਾਮਜ਼ਦਗੀ ਰੱਦ ਹੋਣ ਤੋਂ ਬਾਅਦ ਪਾਰਟੀ ਦੇ ਬਦਲਵੇਂ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਸੁਰੇਸ਼ ਪੜਸਾਲਾ ਦੇ ਨਾਮਜ਼ਦਗੀ ਪੱਤਰ ਵੀ ਰੱਦ ਕਰ ਦਿੱਤੇ ਗਏ ਹਨ।