Arvind Kejriwal

ਭਾਜਪਾ ਯੋਗੀ ਆਦਿਤਿਆਨਾਥ ਨੂੰ ਹਟਾ ਕੇ ਅਮਿਤ ਸ਼ਾਹ ਨੂੰ ਬਣਾਏਗੀ ਪ੍ਰਧਾਨ ਮੰਤਰੀ: ਅਰਵਿੰਦ ਕੇਜਰੀਵਾਲ

ਚੰਡੀਗੜ੍ਹ, 11 ਮਈ 2024: ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ (Arvind Kejriwal) ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ‘ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਕੱਲ੍ਹ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਏ ਸੀ। ਜਿਸ ਤੋਂ ਬਾਅਦ ਅੱਜ ਸੀਐਮ ਹਨੂੰਮਾਨ ਮੰਦਰ ਪਹੁੰਚੇ। ਉਨ੍ਹਾਂ ਨੇ ਆਪਣੀ ਘਰਵਾਲੀ ਸੁਨੀਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ ‘ਚ ਪੂਜਾ ਅਰਚਨਾ ਕੀਤੀ। ਮੁੱਖ ਮੰਤਰੀ ਕੇਜਰੀਵਾਲ ਨੇ ‘ਆਪ’ ਦਫਤਰ ‘ਚ ਮੀਡੀਆ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ‘ਤੇ ਤਿੱਖਾ ਨਿਸ਼ਾਨਾ ਸਾਧਿਆ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ 50 ਦਿਨਾਂ ਬਾਅਦ ਜੇਲ੍ਹ ਤੋਂ ਸਿੱਧਾ ਤੁਹਾਡੇ ਕੋਲ ਆਇਆ ਹਾਂ, ਚੰਗਾ ਲੱਗਾ। ‘ਆਪ’ ਦੇ ਪ੍ਰਮੁੱਖ ਆਗੂਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ‘ਆਪ’ ਨੂੰ ਕੁਚਲਣ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਨੇ ਮੈਨੂੰ ਜੇਲ੍ਹ ਭੇਜ ਦਿੱਤਾ। ਉਨ੍ਹਾਂ ਨੇ ਸਭ ਤੋਂ ਵੱਧ ਚੋਰਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ।

ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਨੂੰ ਚੁਣੌਤੀ ਦੇਵੇਗੀ। ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਪੀਐਮ ਮੋਦੀ ਨੇ ਇੱਕ ਖਤਰਨਾਕ ਮਿਸ਼ਨ ਸ਼ੁਰੂ ਕੀਤਾ ਹੈ ਅਤੇ ਉਹ ਹੈ ਵਨ ਨੇਸ਼ਨ ਵਨ ਲੀਡਰ। ਇਸ ਦੇ ਤਹਿਤ ਉਹ ਦੇਸ਼ ਦੇ ਸਾਰੇ ਆਗੂਆਂ ਨੂੰ ਖਤਮ ਕਰਨਾ ਚਾਹੁੰਦੇ ਹਨ, ਸਾਰੇ ਵਿਰੋਧੀ ਆਗੂਆਂ ਨੂੰ ਜੇਲ੍ਹ ‘ਚ ਬੰਦ ਕਰਨਾ ਚਾਹੁੰਦੇ ਹਨ ਅਤੇ ਭਾਜਪਾ ਦੇ ਸਾਰੇ ਆਗੂਆਂ ਨੂੰ ਖਤਮ ਕਰਨਾ ਚਾਹੁੰਦੇ ਹਨ |

ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ, ਸਟਾਲਿਨ, ਊਧਵ ਠਾਕਰੇ ਕੁਝ ਦਿਨਾਂ ਬਾਅਦ ਸਾਰੇ ਵਿਰੋਧੀ ਆਗੂਆਂ ਨੂੰ ਜੇਲ੍ਹ ‘ਚ ਬੰਦ ਕਰ ਦਿੱਤਾ ਜਾਵੇਗਾ । ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਰਾਜਨੀਤੀ ਨੂੰ ਖਤਮ ਕਰਨ ਲਈ ਸਾਜ਼ਿਸ਼ ਰਚੀ ਜਾ ਰਹੀ ਹੈ | ਜੇਕਰ ਭਾਜਪਾ ਜਿੱਤ ਜਾਂਦੀ ਹੈ ਤਾਂ ਯੋਗੀ ਆਦਿਤਿਆਨਾਥ ਦੀ ਰਾਜਨੀਤੀ ਨੂੰ ਖਤਮ ਕਰ ਦੇਣਗੇ।

ਕੇਜਰੀਵਾਲ ਨੇ ਕਿਹਾ ਭਾਜਪਾ ਨੇ ਆਪਣੇ ਆਗੂਆਂ ਨੂੰ ਖਤਮ ਕਰ ਦਿੱਤਾ ਹੈ। ਮੁਰਲੀ ​​ਮਨੋਹਰ ਜੋਸ਼ੀ ਅਤੇ ਲਾਲ ਕ੍ਰਿਸ਼ਨ ਅਡਵਾਨੀ ਸੇਵਾਮੁਕਤ ਹੋ ਗਏ। ਉਨ੍ਹਾਂ ਨੇ ਰਮਨ ਸਿੰਘ, ਸ਼ਿਵਰਾਜ ਸਿੰਘ ਚੌਹਾਨ, ਵਸੁੰਧਰਾ ਰਾਜੇ, ਮਨੋਹਰ ਲਾਲ ਦੀ ਰਾਜਨੀਤੀ ਸਫ਼ਰ ਨੂੰ ਖਤਮ ਕਰ ਦਿੱਤਾ ਹੈ। ਹੁਣ ਅਗਲਾ ਨੰਬਰ ਯੋਗੀ ਆਦਿਤਿਆਨਾਥ ਦਾ ਹੈ। ਜੇਕਰ ਉਹ ਇਹ ਚੋਣ ਜਿੱਤ ਜਾਂਦੇ ਹਨ ਤਾਂ ਦੋ ਮਹੀਨਿਆਂ ਵਿੱਚ ਯੂਪੀ ਦਾ ਮੁੱਖ ਮੰਤਰੀ ਬਦਲ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਦੇਸ਼ ਦੇ ਸਾਰੇ ਆਗੂਆਂ ਨੂੰ ਖਤਮ ਕਰਨਾ ਚਾਹੁੰਦੇ ਹਨ।

ਕੇਜਰੀਵਾਲ ਨੇ ਕਿਹਾ ਕਿ ਉਹ ਇੰਡੀਆ ਗਠਜੋੜ ਨੂੰ ਪੁੱਛਦੇ ਹਨ ਕਿ ਪ੍ਰਧਾਨ ਮੰਤਰੀ ਕੌਣ ਹੋਵੇਗਾ? ਮੈਂ ਭਾਜਪਾ ਨੂੰ ਪੁੱਛਦਾ ਹਾਂ ਕਿ ਉਨ੍ਹਾਂ ਦਾ ਪ੍ਰਧਾਨ ਮੰਤਰੀ ਕੌਣ ਹੋਵੇਗਾ? 2014 ਵਿੱਚ ਮੋਦੀ ਨੇ ਖੁਦ ਇੱਕ ਨਿਯਮ ਬਣਾਇਆ ਸੀ ਕਿ ਭਾਜਪਾ ਆਗੂ 75 ਸਾਲ ਦੀ ਉਮਰ ਤੋਂ ਬਾਅਦ ਸੇਵਾਮੁਕਤ ਹੋ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਅਗਲੇ ਸਾਲ 17 ਸਤੰਬਰ ਨੂੰ 75 ਸਾਲ ਦੇ ਹੋ ਰਹੇ ਹਨ। ਮੈਂ ਪੁੱਛਣਾ ਚਾਹੁੰਦਾ ਹਾਂ, ਕੀ ਪ੍ਰਧਾਨ ਮੰਤਰੀ ਮੋਦੀ ਅਮਿਤ ਸ਼ਾਹ ਲਈ ਵੋਟਾਂ ਮੰਗ ਰਹੇ ਹਨ ? ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦੀ ਸਰਕਾਰ ਬਣੀ ਤਾਂ ਉਹ ਯੋਗੀ ਨੂੰ ਹਟਾ ਕੇ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾ ਦੇਣਗੇ।

Scroll to Top